ਸ਼ਹੀਦਾਂ ਦੀ ਯਾਦ ਵਿਚ 27 ਤੇ 28 ਜਨਵਰੀ ਨੂੰ ਹੋਵੇਗਾ ਗੁਰਮਤਿ ਸਮਾਗਮ-ਬੀਬੀ ਜਗੀਰ ਕੌਰ
ਅੰਮ੍ਰਿਤਸਰ – ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਭਾਈ ਹਜ਼ਾਰਾ ਸਿੰਘ ਅੱਲਾਹਦੀਨਪੁਰ ਅਤੇ ਭਾਈ ਹੁਕਮ ਸਿੰਘ ਦੀਆਂ ਤਸਵੀਰਾਂ 23 ਜਨਵਰੀ 2021 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਿਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 27 ਅਤੇ 28 ਜਨਵਰੀ ਨੂੰ ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਤਰਨ ਤਾਰਨ ਦੇ ਪਿੰਡ ਅੱਲਾਦੀਨਪੁਰ ਵਿਖੇ ਸਮਾਗਮ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਮਹੰਤਾਂ ਪਾਸੋਂ ਸਿੱਖਾਂ ਦੇ ਪਾਵਨ ਗੁਰਧਾਮਾਂ ਨੂੰ ਅਜ਼ਾਦ ਕਰਵਾਉਣ ਲਈ ਵੱਡੀ ਗਿਣਤੀ ਵਿਚ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਇਸ ਲੜੀ ਦੇ ਆਰੰਭ ਵਿਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਨੂੰ ਮਹੰਤਾਂ ਤੋਂ ਅਜ਼ਾਦੀ ਦਿਵਾਉਣ ਹਿੱਤ ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਅਹਿਮ ਥਾਂ ਰੱਖਦੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ 27 ਅਤੇ 28 ਜਨਵਰੀ ਨੂੰ ਦੋ ਦਿਨਾਂ ਗੁਰਮਤਿ ਸਮਾਗਮ ਨਗਰ ਅੱਲਾਦੀਨਪੁਰ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਅਤੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸੌ ਸਾਲਾ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਸ਼ਹੀਦਾਂ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਤਹਿਤ ਸਾਕਾ ਸ੍ਰੀ ਤਰਨ ਤਾਰਨ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਦੇਣ ਲਈ ਸਮਾਗਮ ਕੀਤਾ ਜਾ ਰਿਹਾ ਹੈ। ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਸੰਗਤ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੀ ਯਾਦ ਦਾ ਸਦੀਵੀ ਹਿੱਸਾ ਬਨਾਉਣ ਲਈ ਭਾਈ ਹਜ਼ਾਰਾਂ ਸਿੰਘ ਅਤੇ ਭਾਈ ਹੁਕਮ ਸਿੰਘ ਦੀਆਂ ਤਸਵੀਰਾਂ ਸਿੱਖ ਕੇਂਦਰੀ ਅਜਾਇਬ ਘਰ ਵਿਚ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਤਸਵੀਰਾਂ 23 ਜਨਵਰੀ ਨੂੰ ਲਗਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸੌ ਸਾਲਾ ਦਿਹਾੜੇ ਦੇ ਸਬੰਧ ਵਿਚ ਵੀ ਵੱਖ-ਵੱਖ ਸਮਾਗਮ ਕੀਤੇ ਜਾਣਗੇ।