ਸ੍ਰੀ ਮੁਕਤਸਰ ਸਾਹਿਬ, 15 ਜੁਲਾਈ 2020 – ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾਵਾਂ ਦੇ ਚੁੱਕੇ ਅਤੇ ਮੌਜੂਦਾ ਸਮੇਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵਜੋਂ ਸੇਵਾਵਾਂ ਦੇ ਰਹੇ ਦਵਿੰਦਰ ਰਜੌਰੀਆ ਦੇ ਇਕਲੌਤੇ ਪੁੱਤਰ ਪੁਨੀਤ ਦੀ ਕੈਨੇਡਾ ਵਿੱਚ ਹੋਈ ਮੌਤ ਤੋਂ ਬਾਅਦ ਹੁਣ ਉਸਦੀ ਮ੍ਰਿਤਕ ਦੇਹ ਵਾਪਿਸ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿੱਥੇ ਇਸ ਸਬੰਧ ਵਿੱਚ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ, ਉਥੇ ਹੀ ਪੰਜਾਬ ਸਰਕਾਰ ਨੂੰ ਵੀ ਇਸ ਸਬੰਧ ਵਿੱਚ ਪੱਤਰਾਂ ਰਾਹੀਂ ਅਪੀਲ ਕੀਤੀ ਜਾ ਰਹੀ ਹੈ। ਉਧਰ ਮ੍ਰਿਤਕ ਪੁਨੀਤ ਦੇ ਦੋਸਤਾਂ ਵੱਲੋਂ ਮ੍ਰਿਤਕ ਪੁਨੀਤ ਦੀ ਦੇਹ ਭਾਰਤ ਵਾਪਿਸ ਪਹੁੰਚਾਉਣ ਲਈ ਆਨਲਾਈਨ ਫੰਡ ਇਕੱਠਾ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਸ਼ੋਸ਼ਲ ਮੀਡੀਆ ‘ਤੇ ਲਿੰਕ ਦਿੱਤੇ ਗਏ ਹਨ।
ਇਹ ਉਪਰਾਲਾ ਪੁਨੀਤ ਦੇ ਦੋਸਤਾਂ ਵੱਲੋਂ ਆਪਣੇ ਪੱਧਰ ‘ਤੇ ਕੀਤਾ ਜਾ ਰਿਹਾ ਹੈ, ਕਿਉਂਕਿ ਕੈਨੇਡਾ ਤੋਂ ਮ੍ਰਿਤਕ ਦੇਹ ਇੱਥੇ ਲਿਆਉਣ ਲਈ ਕਰੀਬ 20 ਲੱਖ ਰੁਪਏ ਦਾ ਖ਼ਰਚ ਆਉਣਾ ਹੈ। ਵਰਣਨਯੋਗ ਹੈ ਕਿ ਦਵਿੰਦਰ ਰਜੌਰੀਆ ਜਿੱਥੇ ਅਧਿਆਪਨ ਵਜੋਂ ਇਲਾਕੇ ਵਿੱਚ ਪਹਿਚਾਣ ਰੱਖਦੇ ਹਨ, ਉਥੇ ਹੀ ਸਮਾਜਸੇਵੀ ਕਾਰਜਾਂ ਵਿੱਚ ਵੀ ਮੋਹਰੀ ਰਹੇ ਹਨ, ਇਸ ਲਈ ਸਮਾਜਸੇਵਾ ਖੇਤਰ ਨਾਲ ਜੁੜੀਆਂ ਸਖਸ਼ੀਅਤਾਂ ਵੀ ਆਪਣੇ ਪੱਧਰ ‘ਤੇ ਇਸ ਫ਼ੰਡ ਇਕੱਠਾ ਕਰਨ ਦੀ ਪ੍ਰਕਿਰਿਆ ਵਿੱਚ ਯੋਗਦਾਨ ਪਾ ਰਹੀਆਂ ਹਨ। ਪੁਨੀਤ ਦੀ ਮੌਤ ਦੇ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।