ਅਹਿਮਦਾਬਾਦ – ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਮਾਧਵ ਸਿੰਘ ਸੋਲੰਕੀ ਦਾ ਦਿਹਾਂਤ ਹੋ ਗਿਆ ਹੈ। ਸੋਲੰਕੀ ਗੁਜਰਾਤ ਸੂਬੇ ਦੇ 4 ਵਾਰ ਮੁੱਖ ਮੰਤਰੀ ਰਹਿ ਚੁਕੇ ਸਨ। ਉਨ੍ਹਾਂ ਦੀ ਉਮਰ 94 ਸਾਲ ਸੀ। ਉਹ ਕਾਂਗਰਸ ਦੇ ਵੱਡੇ ਨੇਤਾ ਮੰਨੇ ਜਾਂਦੇ ਹਨ ਅਤੇ ਇਕ ਵਾਰ ਭਾਰਤ ਦੇ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਹਨ।ਮਾਧਵ ਸੋਲੰਕੀ ਪੇਸ਼ੇ ਤੋਂ ਵਕੀਲ ਸਨ। ਉਹ ਆਨੰਦ ਦੇ ਨੇੜੇ ਬੋਰਸਾਡ ਦੇ ਖੱਤਰੀ ਸਨ। ਉਹ ਪਹਿਲੀ ਵਾਰ 1977 ਵਿੱਚ ਘੱਟ ਸਮੇਂ ਲਈ ਮੁੱਖ ਮੰਤਰੀ ਬਣੇ। 1980 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸੂਬੇ ਵਿੱਚ ਜ਼ੋਰਦਾਰ ਬਹੁਮਤ ਮਿਲਿਆ। 1981 ਵਿੱਚ ਸੋਲੰਕੀ ਨੇ ਸਮਾਜਿਕ ਅਤੇ ਆਰਥਿਕ ਰੂਪ ਨਾਲ ਪਿਛੜੇ ਲੋਕਾਂ ਲਈ ਰਾਖਵਾਂਕਰਨ ਲਾਗੂ ਕੀਤਾ। ਇਸ ਦੇ ਵਿਰੋਧ ਵਿੱਚ ਸੂਬੇ ਵਿੱਚ ਹੰਗਾਮਾ ਹੋਇਆ ਅਤੇ ਕਈ ਮੌਤਾਂ ਵੀ ਹੋਈਆਂ ਸਨ।