ਅੰਮ੍ਰਿਤਸਰ -ਸ਼੍ਰੋਮਣੀ ਭਗਤ ਨਾਮਦੇਵ ਕਸ਼ੱਤਰੀ ਟਾਂਕ ਐਸੋਸੀਏਸ਼ਨ ਅੰਮ੍ਰਿਤਸਰ ਨੇ ਸਥਾਨਕ ਸੁਲਤਾਨਵਿੰਡ ਰੋਡ ਤੋਂ ਤਰਨ ਤਾਰਨ ਰੋਡ ਨੂੰ ਜੋੜਨ ਵਾਲੇ ਲਿੰਕ ਮਾਰਗ ਦਾ ਨਾਂ ਸ਼ਹੀਦ ਭਾਈ ਕਰਮ ਸਿੰਘ ਤੇ ਸ਼ਹੀਦ ਭਾਈ ਪ੍ਰਤਾਪ ਸਿੰਘ ਦੇ ਨਾਂ ’ਤੇ ਰੱਖਣ ਲਈ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਅਤੇ ਹਲਕਾ ਕੌਂਸਲਰ ਦਾ ਧੰਨਵਾਦ ਕੀਤਾ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਭਗਤ ਨਾਮਦੇਵ ਕਸ਼ੱਤਰੀ ਟਾਂਕ ਐਸੋਸੀਏਸ਼ਨ ਵੱਲੋਂ ਸਾਕਾ ਪੰਜਾ ਸਾਹਿਬ ਦੇ ਇਨ੍ਹਾਂ ਮਹਾਨ ਸ਼ਹੀਦਾਂ ਦੇ ਨਾਂ ’ਤੇ ਮਾਰਗ ਦਾ ਨਾਂ ਰੱਖਣ ਦੀ ਮੰਗ ਕੀਤੀ ਸੀ, ਜਿਸ ਨੂੰ ਨਿਗਮ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਸ. ਤਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ’ਚ ਨਗਰ ਨਿਗਮ ਦਾ ਧੰਨਵਾਦ ਕੀਤਾ ਗਿਆ। ਇਸ ਬੈਠਕ ਵਿਚ ਗੁਰਦੁਆਰਾ ਸ਼ਹੀਦ ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਵਿਖੇ 19 ਜਨਵਰੀ 2021 ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਦਾ ਫੈਸਲਾ ਵੀ ਕੀਤਾ ਗਿਆ। ਐਸੋਸੀਏਸ਼ਨ ਦੇ ਅਹੁਦੇਦਾਰ ਸ. ਸਤਬੀਰ ਸਿੰਘ ਧਾਮੀ ਨੇ ਦੱਸਿਆ ਕਿ ਸਿੱਖ ਇਤਿਹਾਸ ਵਿਚ ਸਾਕਾ ਪੰਜਾ ਸਾਹਿਬ ਦੇ ਮਹਾਨ ਸ਼ਹੀਦਾਂ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਦਾ ਨਾਂ ਵੱਡੀ ਮਹੱਤਤਾ ਵਾਲਾ ਹੈ। ਇਨ੍ਹਾਂ ਯੋਧਿਆਂ ਦੇ ਨਾਂ ’ਤੇ ਕਾਰਪੋਰੇਸ਼ਨ ਵੱਲੋਂ ਸਥਾਨਕ ਮਾਰਗ ਦਾ ਨਾਂ ਰੱਖਣਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀ ਮੰਗ ਪੂਰੀ ਹੋਣ ਨਾਲ ਇਲਾਕੇ ਦੀਆਂ ਸੰਗਤਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਐਸੋਸੀਏਸ਼ਨ ਹਮੇਸ਼ਾ ਹੀ ਸਮਾਜਿਕ ਅਤੇ ਕੌਮੀ ਮਾਮਲਿਆਂ ਲਈ ਕਾਰਜਸ਼ੀਲ ਰਹਿੰਦੀ ਹੈ। ਇਸੇ ਤਹਿਤ ਹੀ ਕਿਸਾਨ ਸੰਘਰਸ਼ ਕਰ ਰਹੇ ਲੋਕਾਂ ਦੇ ਸਮਰਥਨ ਵਿਚ ਐਸੋਸੀਏਸ਼ਨ ਦੇ ਅਹੁਦੇਦਾਰ ਦਿੱਲੀ ਜਾਣਗੇ। ਬੈਠਕ ਮੌਕੇ ਗੁੁਰਿੰਦਰ ਸਿੰਘ ਘਈ, ਗੁਰਨਾਮ ਸਿੰਘ ਪ੍ਰੇਮੀ, ਤਰਲੋਚਨ ਸਿੰਘ ਘਈ, ਜਸਵਿੰਦਰ ਸਿੰਘ, ਮਨਵਿੰਦਰ ਸਿੰਘ, ਅਮਰਜੀਤ ਸਿੰਘ, ਜਸਬੀਰ ਸਿੰਘ ਕੈਂਥ, ਸਤਨਾਮ ਸਿੰਘ ਆਦਿ ਹਾਜ਼ਰ ਸਨ।