ਪੁਡੂਚੇਰੀ – ਵੀ. ਨਾਰਾਇਣਸਾਮੀ ਸਰਕਾਰ ਵਿਧਾਨ ਸਭਾ ਵਿੱਚ ਅੱਜ ਸ਼ਕਤੀ ਪ੍ਰੀਖਣ ਦੌਰਾਨ ਬਹੁਮਤ ਸਾਬਤ ਕਰਨ ਵਿੱਚ ਅਸਫ਼ਲ ਰਹੀ, ਜਿਸ ਕਾਰਨ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਡਿੱਗ ਗਈ।ਜਿਕਰਯੋਗ ਹੈ ਕਿ 5 ਕਾਂਗਰਸ ਵਿਧਾਇਕਾਂ ਅਤੇ ਇਕ ਦਰਮੁਕ ਵਿਧਾਇਕ ਦੇ ਅਸਤੀਫ਼ਾ ਦੇਣ ਤੋਂ ਬਾਅਦ ਵੀ. ਨਾਰਾਇਣਸਾਮੀ ਲਈ ਸਮੱਸਿਆ ਪੈਦਾ ਹੋ ਗਈ ਸੀ, ਹਾਲਾਂਕਿ ਉਹ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਕੋਲ ਪੂਰਾ ਬਹੁਮਤ ਹੈ ਅਤੇ ਉਹ ਆਸਾਨੀ ਨਾਲ ਆਪਣਾ ਬਹੁਮਤ ਸਾਬਤ ਕਰ ਦੇਣਗੇ ਪਰ ਅਜਿਹਾ ਹੋ ਨਹੀਂ ਸਕਿਆ। ਹਾਲਾਂਕਿ ਵਿਸ਼ਵਾਸ ਮਤ (ਵੋਟ) ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪੂਰਨ ਸੂਬੇ ਦੀ ਮੰਗ ਕੀਤੀ।ਨਾਰਾਇਣਸਾਮੀ ਕੋਲ 9 ਵਿਧਾਇਕਾਂ ਤੋਂ ਇਲਾਵਾ 2 ਡੀ.ਐਮ.ਕੇ. ਅਤੇ ਇਕ ਆਜ਼ਾਦ ਵਿਧਾਇਕ ਦਾ ਸਮਰਥਨ ਸੀ ਯਾਨੀ ਕਿ ਉਨ੍ਹਾਂ ਕੋਲ 12 ਵਿਧਾਇਕ ਸਨ, ਜਦੋਂ ਕਿ ਮੈਜ਼ਿਕ ਅੰਕੜਾ 14 ਦਾ ਸੀ। ਜਿਸ ਕਾਰਨ ਸ਼ਕਤੀ ਪ੍ਰੀਖਣ ਵਿੱਚ ਨਾਰਾਇਣਸਾਮੀ ਨੂੰ ਨਾਕਾਮੀ ਝੱਲਣੀ ਪਈ। ਫਲੋਰ ਟੈਸਟ ਵਿੱਚ ਫ਼ੇਲ ਹੋਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੇ ਐਲਾਨ ਕੀਤਾ ਕਿ ਨਾਰਾਇਣਸਾਮੀ ਸਰਕਾਰ ਨੇ ਇੱਥੇ ਬਹੁਮਤ ਗਵਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਵੇਗਾ।ਇਸ ਤੋਂ ਉਪਰੰਤ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ।ਪੁਡੂਚੇਰੀ ਵਿਚ ਕਾਂਗਰਸ ਦੀ ਸਰਕਾਰ ਡਿੱਗਣ ਤੋਂ ਬਾਅਦ ਭਾਜਪਾ ਨੇ ਰਾਹੁਲ ਗਾਂਧੀ ਉੱਤੇ ਤੰਜ਼ ਕੱਸਿਆ। ਭਾਜਪਾ ਨੇਤਾ ਅਮਿਤ ਮਾਲਵੀਏ ਨੇ ਕਿਹਾ ਕਿ ਰਾਹੁਲ ਪੁਡੂਚੇਰੀ ਗਏ ਸਨ ਅਤੇ ਉੱਥੇ ਉਨ੍ਹਾਂ ਦੀ ਸਰਕਾਰ ਡਿੱਗ ਗਈ।ਜਿਕਰਯੋਗ ਹੈ ਕਿ ਫਲੋਰ ਟੈਸਟ ਤੋਂ ਪਹਿਲਾਂ ਮੁੱਖ ਮੰਤਰੀ ਨਾਰਾਇਣਸਾਮੀ ਨੇ ਸਦਨ ਵਿੱਚ ਕਿਹਾ ਕਿ ਵਿਧਾਇਕਾਂ ਨੂੰ ਪਾਰਟੀ ਲਈ ਈਮਾਨਦਾਰ ਰਹਿਣਾ ਚਾਹੀਦਾ। ਜੋ ਵਿਧਾਇਕ ਪਾਰਟੀ ਤੋਂ ਅਸਤੀਫ਼ਾ ਦੇ ਚੁਕੇ ਹਨ, ਉਹ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਣਗੇ, ਕਿਉਂਕਿ ਲੋਕ ਉਨ੍ਹਾਂ ਨੂੰ ਮੌਕਾਪ੍ਰਸਤ ਕਹਿ ਰਹੇ ਹਨ। ਨਾਲ ਹੀ ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਾਬਕਾ ਉਪ ਰਾਜਪਾਲ ਕਿਰਨ ਬੇਦੀ ਅਤੇ ਕੇਂਦਰ ਸਰਕਾਰ ਨੇ ਵਿਰੋਧੀਆਂ ਨਾਲ ਮਿਲ ਕੇ ਸਰਕਾਰ ਸੁੱਟਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਸਾਡੇ ਵਿਧਾਇਕਾਂ ਦੀ ਇਕਜੁਟਤਾ ਕਾਰਨ ਅਸੀਂ ਪਿਛਲੇ 5 ਸਾਲਾਂ ਤੋਂ ਸਰਕਾਰ ਚਲਾ ਰਹੇ ਸੀ ਪਰ ਕੇਂਦਰ ਨੇ ਸਾਡੇ ਵਲੋਂ ਕੀਤੀ ਅਪੀਲ ਦੇ ਬਾਵਜੂਦ ਫੰਡ ਨਾ ਦੇ ਕੇ ਪੁਡੂਚੇਰੀ ਦੀ ਜਨਤਾ ਨੂੰ ਧੋਖਾ ਦਿੱਤਾ।