ਲੰਡਨ – ਇੰਗਲੈਂਡ ਵਿਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਸ਼ੁਰੂ ਕੀਤੇ ਗਏ ਟੀਕਾਕਰਨ ਦੇ ਬਾਵਜੂਦ ਵੀ ਦੇਸ਼ ਵਿਚ ਰਿਕਾਰਡ ਤੋੜ ਵਾਇਰਸ ਦੇ ਮਾਮਲੇ ਪ੍ਰਤੀ ਦਿਨ ਸਾਹਮਣੇ ਆ ਰਹੇ ਹਨ। ਇਸ ਲਈ ਵਾਇਰਸ ਦੀ ਕਾਬੂ ਤੋਂ ਬਾਹਰ ਹੋ ਰਹੀ ਸਥਿਤੀ ਨੂੰ ਸੰਭਾਲਣ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵੱਲੋਂ ਦੇਸ਼ ਭਰ ਵਿਚ ਫਰਵਰੀ ਦੇ ਅੱਧ ਤੱਕ ਰਾਸ਼ਟਰੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ।ਪ੍ਰਧਾਨ ਮੰਤਰੀ ਨੇ ਡਾਉਨਿੰਗ ਸਟ੍ਰੀਟ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਰਹੇ ਮਾਮਲਿਆਂ ਅਤੇ ਮਰੀਜ਼ਾਂ ਦੀ ਗਿਣਤੀ ਨੂੰ ਕਾਬੂ ਕਰਨ ਲਈ ਤੁਰੰਤ ਨਿਯਮਾਂ ਦੀ ਪਾਲਣਾ ਕਰਨ। ਨਵੀਂ ਕੌਂਮੀ ਤਾਲਾਬੰਦੀ ਅਧੀਨ ਦੇਸ਼ ਦੇ ਸਾਰੇ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਜ਼ਿਆਦਾਤਰ ਵਿਦਿਆਰਥੀ ਇਨ੍ਹਾਂ ਸੰਸਥਾਵਾਂ ਦੇ ਬੰਦ ਹੋਣ ਕਾਰਨ ਰਿਮੋਟ ਲਰਨਿੰਗ ਤੇ ਜਾਣਗੇ, ਜਦਕਿ ਨਰਸਰੀਆਂ ਖੁੱਲ੍ਹੀਆਂ ਰਹਿਣਗੀਆਂ।ਸਰਕਾਰ ਇਕ ਵਾਰ ਫਿਰ ਲੋਕਾਂ ਨੂੰ ਘਰ ਰਹਿਣ ਲਈ ਨਿਰਦੇਸ਼ ਦੇ ਰਹੀ ਹੈ। ਇਸ ਲਈ ਦੇਸ਼ਵਾਸੀ ਬਿਨਾਂ ਕਿਸੇ ਜ਼ਰੂਰੀ ਖਰੀਦਦਾਰੀ, ਕਸਰਤ, ਸਿਹਤ ਸਮੱਸਿਆ ਆਦਿ ਤੋਂ ਇਲਾਵਾ ਘਰ ਵਿਚ ਹੀ ਰਹਿਣਗੇ। ਰੈਸਟੋਰੈਂਟ ਭੋਜਨ ਸਪਲਾਈ ਕਰ ਸਕਦੇ ਹਨ ਪਰ ਇਸ ਦੌਰਾਨ ਰੈਸਟੋਰੈਂਟ ਅੰਦਰ ਬੈਠ ਕੇ ਖਾਣ ਤੇ ਪਾਬੰਦੀ ਹੋਵੇਗੀ । ਗੋਲਫ ਕੋਰਸ, ਟੈਨਿਸ ਕੋਰਟ ਅਤੇ ਜਿੰਮ ਆਦਿ ਵੀ ਲਾਜ਼ਮੀ ਤੌਰ ਤੇ ਬੰਦ ਹੋਣਗੇ। ਇੰਗਲੈਂਡ ਵਿਚ ਸਿਹਤ ਮਾਹਿਰਾਂ ਅਨੁਸਾਰ ਵਾਇਰਸ ਦੇ ਨਵੇਂ ਰੂਪ ਦੇ ਸਾਹਮਣੇ ਆਉਣ ਨਾਲ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨਾਲ ਵੱਡੀ ਗਿਣਤੀ ਵਿਚ ਕੋਰੋਨਾ ਪੀੜਤ ਮਰੀਜ਼ ਹਸਪਤਾਲਾਂ ਵਿਚ ਦਾਖਲ ਹੋ ਰਹੇ ਹਨ।ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣ ਵਿਚ ਵੀ ਪਰੇਸ਼ਾਨੀ ਹੋ ਰਹੀ ਹੈ। ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਰਿਕਾਰਡ 58,784 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸ ਦੇ ਨਾਲ ਹੀ 407 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਵਲੋਂ ਕੌਂਮੀ ਤਾਲਾਬੰਦੀ ਦੀ ਘੋਸ਼ਣਾ ਤੋਂ ਕੁਝ ਘੰਟੇ ਪਹਿਲਾਂ ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਵੀ ਤਾਲਾਬੰਦੀ ਨਿਯਮਾਂ ਨੂੰ ਲਾਗੂ ਕੀਤਾ ਹੈ।