ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕਾਲੀਘਾਟ ਇਲਾਕੇ ਵਿੱਚ ਆਪਣਾ ‘ਸਿਹਤ ਸਾਥੀ’ ਸਮਾਰਟ ਕਾਰਡ ਲੈਣ ਲਈ ਸਥਾਨਕ ਲੋਕਾਂ ਨਾਲ ਅੱਜ ਲਾਈਨ ਵਿੱਚ ਖੜ੍ਹੀ ਹੋਈ। ਪ੍ਰਦੇਸ਼ ਭਾਜਪਾ ਮੁਖੀ ਦਿਲੀਪ ਘੋਸ਼ ਨੇ ਉਨ੍ਹਾਂ ਤੇ ‘ਸ਼ੁੱਧ ਡਰਾਮਾ’ ਕਰਨ ਦਾ ਦੋਸ਼ ਲਗਾਇਆ। ਤਿ੍ਰਣਮੂਲ ਕਾਂਗਰਸ ਮੁਖੀ ਸ਼ਹਿਰੀ ਵਿਕਾਸ ਮੰਤਰੀ ਫਰਹਾਦ ਹਕੀਮ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ ਆਪਣਾ ਕਾਰਡ ਲੈਣ ਲਈ ਸਵੇਰੇ ਕਰੀਬ 11.45 ਵਜੇ ਕੋਲਕਾਤਾ ਨਗਰ ਨਿਗਮ ਦੇ ਵੰਡ ਕੇਂਦਰ ‘ਜੈ ਹਿੰਦ ਭਵਨ’ ਪਹੁੰਚੀ।‘ਸਿਹਤ ਸਾਥੀ’ ਤਿ੍ਰਣਮੂਲ ਕਾਂਗਰਸ ਸਰਕਾਰ ਦੀ ਅਹਿਮ ਯੋਜਨਾ ਹੈ, ਜੋ ਹਰ ਪਰਿਵਾਰ ਨੂੰ 5 ਲੱਖ ਰੁਪਏ ਦਾ ਸਾਲਾਨਾ ਸਿਹਤ ਕਵਰ ਮੁਹੱਈਆ ਕਰਵਾਉਂਦੀ ਹੈ। ਹਕੀਮ ਨੇ ਕਿਹਾ ਕਿ ਮੁੱਖ ਮੰਤਰੀ ਕਾਰਡ ਲੈਣ ਲਈ ਆਮ ਆਦਮੀ ਦੀ ਤਰ੍ਹਾਂ ਲਾਈਨ ਵਿੱਚ ਖੜ੍ਹੀ ਹੋਈ। ਉਨ੍ਹਾਂ ਨੇ ਕਿਹਾ ਕਿ ਇਹ ਦੱਸਦਾ ਹੈ ਕਿ ਉਹ ਸੂਬੇ ਦੇ ਆਮ ਲੋਕਾਂ ਵਿੱਚੋਂ ਹੀ ਇਕ ਹੈ। ਮੁੱਖ ਮੰਤਰੀ ਨੇ ਸੋਮਵਾਰ ਨੂੰ ਸਾਰੇ ਮੰਤਰੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ-ਆਪਣੇ ਕਾਰਡ ਲੈ ਲੈਣ। ਸੂਬੇ ਦੇ ਮੁੱਖ ਸਕੱਤਰ ਏ. ਬੰਧੋਪਾਧਿਆਏ ਨੇ ਕਿਹਾ ਸੀ ਕਿ ਇਸ ਯੋਜਨਾ ਵਿੱਚ ਹੁਣ ਤੱਕ ਇਕ ਕਰੋੜ ਤੋਂ ਵੱਧ ਲੋਕਾਂ ਨੇ ਆਪਣਾ ਰਜਿਸਟਰੇਸ਼ਨ ਕਰਵਾਇਆ ਹੈ।