ਐਸ ਏ ਐਸ ਨਗਰ, 21 ਜੂਨ- ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਜਵੈਲਰਾਂ ਤੇ ਹੋ ਰਹੇ ਹਮਲਿਆਂ ਅਤੇ ਲੁੱਟ ਖਸੁੱਟ ਦੀਆਂ ਵਾਰਦਾਤਾਂ ਨੂੰ ਮੁੱਖ ਰੱਖਦਿਆਂ ਜਵੈਲਰ ਐਸੋਸੀਏਸ਼ਨ ਮੁਹਾਲੀ ਦੇ ਇੱਕ ਵਫਦ ਨੇ ਅੱਜ ਪ੍ਰਧਾਨ ਸz. ਸਰਬਜੀਤ ਸਿੰਘ ਪਾਰਸ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਸ੍ਰੀਮਤੀ ਆਸ਼ਿਕਾ ਜੈਨ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸਵਰਨਕਾਰਾਂ/ਸ਼ਰਾਫਾ ਵਪਾਰੀਆਂ ਦੇ ਨਾਲ ਹੋ ਰਹੀ ਲੁੱਟ ਖਸੁੱਟ, ਡਕੈਤੀ, ਕਤਲਾਂ ਦੇ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਕੇ ਮੰਗ ਕੀਤੀ ਕਿ ਜਵੈਲਰਾਂ ਦੀ ਸੁਰਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ।
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਮੌਜੂਦਾ ਮਾਹੌਲ ਵਿੱਚ ਸਵਰਨਕਾਰ ਅਤੇ ਸਰਾਫਾ ਵਪਾਰੀ ਦਹਿਸ਼ਤ ਅਤੇ ਡਰ ਦੇ ਮਾਹੌਲ ਵਿੱਚ ਆਪਣਾ ਵਪਾਰ ਕਰ ਰਹੇ ਹਨ। ਸਰਾਫਾ ਵਪਾਰੀ ਲੁਟੇਰਿਆਂ ਦੀਆਂ ਵਾਰਦਾਤਾਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਲੁਟੇਰੇ ਇਹਨਾਂ ਨੂੰ ਇੱਕ ਆਸਾਨ ਟਾਰਗੇਟ ਸਮਝਦੇ ਹੋਏ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਉਹਨਾਂ ਦੀ ਲੁੱਟ ਤੇ ਕਤਲ ਕਰ ਰਹੇ ਹਨ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸਰਾਫਾ ਵਪਾਰੀਆਂ ਦੀ ਸੁਰੱਖਿਆ ਲਈ ਪੁਖਤਾ ਕਦਮ ਚੁੱਕੇ ਜਾਣ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਵਾਸਤੇ ਸ਼ਹਿਰ ਦੀਆਂ ਮੇਨ ਮਾਰਕੀਟਾਂ ਵਿੱਚ (ਜਿੱਥੇ ਜਿਊਲਰਾਂ ਦੀ ਗਿਣਤੀ ਵੱਧ ਹੈ) ਬੀਟ ਬਾਕਸ ਬਣਾ ਕੇ ਪੁਲੀਸ ਦੀ ਤਾਇਨਾਤੀ ਕੀਤੀ ਜਾਵੇ। ਸ਼ਹਿਰ ਦੇ ਸਰਾਫਾ ਵਪਾਰੀਆਂ ਨੂੰ ਪਹਿਲ ਦੇ ਆਧਾਰ ਤੇ ਅਸਲਾ ਲਾਇਸੈਂਸ ਜਾਰੀ ਕਰਨ ਦੀ ਹਦਾਇਤ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਜਾਨ ਮਾਲ ਦੀ ਸੁਰੱਖਿਆ ਕਰ ਸਕਣ। ਇਹ ਵੀ ਮੰਗ ਕੀਤੀ ਗਈ ਹੈ ਕਿ ਚੋਣ ਜਾਬਤੇ ਦੇ ਦੌਰਾਨ ਵੀ ਸਰਾਫਾ ਵਪਾਰੀਆਂ ਨੂੰ ਅਸਲਾ ਕੋਲ ਰੱਖਣ ਦੀ ਇਜਾਜਤ ਦਿੱਤੀ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਚੋਣ ਦੇ ਦੌਰਾਨ ਸਰਾਫਾ ਐਸੋਸੀਏਸ਼ਨ ਵਲੋਂ ਅਸਲਾਧਾਰੀ ਸਰਾਫਾ ਵਪਾਰੀਆਂ ਦੀ ਲਿਸਟ ਪ੍ਰਸ਼ਾਸ਼ਨ ਨੂੰ ਇਜ਼ਾਜਤ ਲਈ ਦਿੱਤੀ ਜਾਵੇਗੀ। ਇਸਦੇ ਨਾਲ ਹੀ ਮੰਗ ਕੀਤੀ ਗਈ ਹੈ ਕਿ ਪੀ. ਸੀ. ਆਰ ਪਾਰਟੀਆਂ ਨੂੰ ਗਸ਼ਤ ਵਧਾਉਣ ਦੇ ਹੁਕਮ ਜਾਰੀ ਕੀਤੇ ਜਾਣ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਡਰ ਅਤੇ ਭੈਅ ਦੇ ਮਾਹੌਲ ਵਿੱਚ ਸਰਾਫਾ ਵਪਾਰੀਆਂ ਦੀ ਆਉਣ ਵਾਲੀ ਪੀੜੀ ਇਹ ਕੰਮ ਕਰਨ ਨੂੰ ਤਿਆਰ ਨਹੀਂ ਹੈ ਅਤੇ ਕੰਮ ਛੱਡ ਰਹੀ ਹੈ। ਇਸ ਕੰਮ ਦੇ ਭਵਿੱਖ ਨੂੰ ਬਚਾਉਣ ਲਈ ਸਰਾਫਾ ਵਪਾਰੀਆਂ ਲਈ ਪੁਖਤਾ ਇੰਤਜਾਮ ਕੀਤੇ ਜਾਣ। ਪੱਤਰ ਵਿੱਚ ਬੀਤੇ ਦਿਨੀਂ ਮੋਗਾ ਸ਼ਹਿਰ ਵਿੱਚ ਏਸ਼ੀਅਨ ਜਵੈਲਰ ਨਾਮ ਦੀ ਦੁਕਾਨ ਤੇ ਕੀਤੀ ਗਈ ਕਤਲ ਅਤੇ ਲੁੱਟ ਦੀ ਵਾਰਦਾਤ ਦਾ ਜਿਕਰ ਕਰਦਿਆਂ ਕਿਹਾ ਗਿਆ ਹੈ ਕਿ ਪੁਲੀਸ ਪ੍ਰਸ਼ਾਸ਼ਨ ਵਲੋਂ ਭਾਵੇਂ ਇਸ ਵਾਰਦਾਤ ਲਈ ਜਿੰਮੇਵਾਰ ਮੁਜਰਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਪਰੰਤੂ ਇਸ ਵਾਰਦਾਤ ਕਾਰਨ ਜਿਸ ਘਰ ਦਾ ਜਵਾਨ ਪੁੱਤਰ ਮਾਰ ਦਿੱਤਾ ਗਿਆ ਹੈ ਉਸਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ ਇਸ ਲਈ ਸਰਕਾਰ ਵਲੋਂ ਸਵਰਨਕਾਰਾਂ ਅਤੇ ਸਰਾਫਾ ਵਪਾਰੀਆਂ ਦੀ ਸੁਰਖਿਆ ਲਈ ਤੁਰੰਤ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।
ਸz. ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਉਹਨਾਂ ਵਲੋਂ ਸਵਰਨਕਾਰਾਂ ਦੀ ਸੁਰਖਿਆ ਬਾਰੇ ਜਾਹਿਰ ਕੀਤੀਆਂ ਗਈਆਂ ਚਿੰਤਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਉਹਨਾਂ ਦੀ ਇਹ ਚਿੰਤਾ ਜਾਇਜ ਹੈ। ਉਹਨਾਂ ਵਫਦ ਨੂੰ ਭਰੋਸਾ ਦਿੱਤਾ ਕਿ ਮੁਹਾਲੀ ਜਿਲ੍ਹੇ ਵਿੱਚ ਜਵੈਲਰਾਂ ਦੀ ਸੁਰਖਿਆ ਯਕੀਨੀ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ ਅਤੇ ਇਸ ਵਾਸਤੇ ਹਰ ਸੰਭਵ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਚੇਅਰਮੈਨ ਪਰਮਜੀਤ ਸਿੰਘ ਜੌੜਾ, ਜਨਰਲ ਸਕੱਤਰ ਰਾਜੀਵ ਕੁਮਾਰ, ਮੀਤ ਪ੍ਰਧਾਨ ਅਮਨਦੀਪ ਸਿੰਘ ਅਤੇ ਕੈਸ਼ੀਅਰ ਆਸ਼ੀਸ਼ ਜੈਨ, ਹਾਜ਼ਰ ਸਨ।