ਚੰਡੀਗੜ੍ਹ, 29 ਮਈ 2020 – ਪੰਜਾਬ ਸਰਕਾਰ ਦਾ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਵਿਭਾਗ, ਅਸ਼ੋਕਾ ਯੂਨੀਵਰਸਿਟੀ ਦੀ ਭਾਈਵਾਲੀ ਨਾਲ 23 ਨੌਜਵਾਨ ਜ਼ਿਲ੍ਹਾ ਵਿਕਾਸ ਫੈਲੋ ਨਿਯੁਕਤ ਕਰਨ ਜਾ ਰਿਹਾ ਹੈ, ਇਹ ਫੈਲੋ ਅਗਸਤ 2020 ਵਿਚ ਸਰਕਾਰ ਵਿਚ ਸ਼ਾਮਲ ਹੋ ਜਾਣਗੇ । ਇਸ ਕਦਮ ਦਾ ਉਦੇਸ਼ ਪ੍ਰਬੰਧਨ ਵਿਚ ਨਵੀਂ ਊਰਜਾ ਅਤੇ ਉਤਸ਼ਾਹ ਪੈਦਾ ਕਰਨਾ ਹੈ। ਇਹ ਪ੍ਰਗਟਾਵਾ ਅੱਜ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਕੀਤਾ।
ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਪ੍ਰੋਗਰਾਮ ਲਈ ਅਰਜ਼ੀਆਂ ਇਸ ਹਫ਼ਤੇ ਖੁੱਲ੍ਹੀਆਂ ਹਨ ਅਤੇ ਇਹ ਡੀਜੀਆਰ ਦੀ ਵੈਬਸਾਈਟ, ਅਸ਼ੋਕਾ ਯੂਨੀਵਰਸਿਟੀ ਦੀ ਵੈਬਸਾਈਟ ਸਮੇਤ ਲਿੰਕਡਇਨ ਆਦਿ ਪਲੇਟਫਾਰਮਾਂ ਤੇ ਉਪਲਬਧ ਹਨ। ਉਨ੍ਹਾਂ ਕਿਹਾ ਕਿ ਇਹ ਨਵੀਂ ਪਹਿਲ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਸੋਚ ਦੀ ਉਪਜ ਹੈ, ਜੋ ਮੰਨਦੇ ਹਨ ਕਿ ਇਸ ਪਹਿਲਕਦਮੀ ਨਾਲ ਪ੍ਰਬੰਧਨ ਵਿੱਚ ਨਵੀਂ ਪ੍ਰਤਿਭਾ ਅਤੇ ਊਰਜਾ ਦਾ ਸੰਚਾਰ ਹੋਵੇਗਾ। ਪ੍ਰਸ਼ਾਸਨ ਸੁਧਾਰ ਵਿਭਾਗ ਨੇ ਵਿਭਾਗਾਂ ਵਿਚ ਸ਼ਾਸਨ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਪਹਿਲਾਂ ਵੀ ਰਾਜ ਪੱਧਰ ਤ 10 ਗਵਰਨੈਂਸ ਫੈਲੋ ਰੱਖੇ ਸਨ।
ਵਧੀਕ ਮੁੱਖ ਸਕੱਤਰ ਸ੍ਰੀਮਤੀ ਮਹਾਜਨ ਨੇ ਕਿਹਾ ਕਿ ਇਹ ਫੈਲੋ 22 ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਅਤੇ ਡੀ.ਜੀ.ਆਰ. ਦੀ ਨਿਗਰਾਨੀ ਹੇਠ ਰੱਖੇ ਜਾਣਗੇ। ਇਹ ਇੱਕ ਸਾਲ ਦਾ ਫੈਲੋਸ਼ਿਪ ਪ੍ਰੋਗਰਾਮ ਹੋਵੇਗਾ ਜਿਸ ਦੌਰਾਨ ਹਰੇਕ ਫੈਲੋ , ਜ਼ਿਲ੍ਹਾ ਪ੍ਰਸ਼ਾਸਨ ਨੂੰ ਮੌਜੂਦਾ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿਚ ਸਹਾਇਤਾ ਪ੍ਰਦਾਨ ਕਰੇਗਾ। ਅਸ਼ੋਕਾ ਯੂਨੀਵਰਸਿਟੀ ,ਚੰਡੀਗੜ੍ਹ ਵਿਖੇ ਸਥਾਪਿਤ ਪ੍ਰੋਗਰਾਮ ਮੈਨੇਜਮੈਂਟ ਯੂਨਿਟ (ਪੀ.ਐੱਮ.ਯੂ.) ਰਾਹੀਂ ਡੀ.ਜੀ.ਆਰ. ਨੂੰ ਸਹਾਇਤਾ ਪ੍ਰਦਾਨ ਕਰੇਗੀ, ਜੋ ਇਨ੍ਹਾਂ ਫੈਲੋਜ਼ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਨਿਗਰਾਨੀ ਕਰਨ ਤੋਂ ਇਲਾਵਾ ਉਹਨਾਂ ਨੂੰ ਲੌਜਿਸਟਿਕ ਚੁਣੌਤੀਆਂ ਨਾਲ ਨਜਿੱਠਣ ਵਿੱਚ ਵੀ ਸਹਿਯੋਗ ਦੇਵੇਗੀ। ਹਰੇਕ ਫੈਲੋ ਲਈ ਅਸਾਈਨਮੈਂਟ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ , ਡੀਜੀਆਰ ਦੀਆਂ ਤਰਜੀਹਾਂ ਦੇ ਅਧਾਰ ਤੇ ਵੱਖੋ ਵੱਖ ਹੋ ਸਕਦੀ ਹੈ ਅਤੇ ਪੀਐਮਯੂ ਵਲੋਂ ਆਪਣੇ ਕੰਮ ਦੀਆਂ ਵਿਆਪਕ ਸੀਮਾਵਾਂ ਨੂੰ ਪ੍ਰਭਾਸ਼ਿਤ ਕਰਨ ਲਈ ਥੀਮਜ਼ ਦੀ ਰੂਪ ਰੇਖਾ ਉਲੀਕੀ ਜਾਵੇਗੀ ਤਾਂ ਜੋ ਟੀਮ ਦੇ ਕੰਮ ਵਿਚ ਪੁਖ਼ਤਗੀ ਆ ਸਕੇ।
ਸ੍ਰੀਮਤੀ ਮਹਾਜਨ ਨੇ ਅੱਗੇ ਕਿਹਾ ਕਿ ਬਿਨੈਕਾਰ ਦੀ ਯੋਗਤਾ ਅਤੇ ਜ਼ਰੂਰਤਾਂ ਨੂੰ ਸਾਦਾ ਰੱਖਿਆ ਗਿਆ ਹੈ। ਬਿਨੈਕਾਰਾਂ ਕੋਲ ਬੈਚਲਰਸ ਦੀ ਡਿਗਰੀ ਸਮੇਤ ਘੱਟੋ ਘੱਟ 2 ਸਾਲ ਦੇ ਤਜ਼ੁਰਬਾ ਹੋਵੇ ਜਾਂ ਮਾਸਟਰਜ਼ ਦੀ ਡਿਗਰੀ ਹੋਣੀ ਚਾਹੀਦੀ ਹੈ। ਬਿਨੈਕਾਰ ਦੀ ਉਮਰ ਹੱਦ 29 ਸਾਲ ਹੈ ਅਤੇ ਜਦਕਿ ਪੰਜਾਬੀ, ਅੰਗ੍ਰੇਜ਼ੀ ਅਤੇ / ਜਾਂ ਹਿੰਦੀ ਵਿਚ ਮੁਹਾਰਤ ਨੂੰ ਤਰਜੀਹ ਦਿੱਤੀ ਜਾਵੇਗੀ ਪਰ ਇਹ ਕੋਈ ਅਤਿ ਜ਼ਰੂਰੀ ਸ਼ਰਤ ਨਹੀਂ ਹੈ। ਅਰਜ਼ੀ ਪ੍ਰਦਰਸ਼ਿਤ ਹੋਣ ਦੇ 2 ਦਿਨਾਂ ਦੇ ਅੰਦਰ ਹੀ 700 ਬਿਨੈ-ਪੱਤਰ ਪ੍ਰਾਪਤ ਹੋ ਚੁੱਕੇ ਹਨ ਅਤੇ ਆਖਰੀ ਤਰੀਖ 10 ਜੂਨ ਨੂੰ ਹਾਲੇ ਕਈ ਦਿਨ ਬਾਕੀ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੌਜਵਾਨ ਨੇਤਾਵਾਂ ਦੇ ਇਸ ਨਵੇਂ ਸਮੂਹ ਤੋਂ ਉਤਸ਼ਾਹਿਤ ਅਤੇ ਆਸਮੰਦ ਹੈ ਅਤੇ ਪ੍ਰੋਗਰਾਮ ਦੀ ਉਡੀਕ ਕੀਤੀ ਜਾ ਰਹੀ ਹੈ ।