ਨਵੀਂ ਦਿੱਲੀ – ਭਾਰਤ ਦੇ ਡੀਸੀਜੀਆਈ ਵਲੋਂ ਕਰੋਨਾਵਾਇਰਸ ਦੀਆਂ ਦੋ ਵੈਕਸੀਨਾਂ ਨੂੰ ਹੰਗਾਮੀ ਵਰਤੋਂ ਲਈ ਪ੍ਰਵਾਨਗੀ ਦਿੱਤੇ ਜਾਣ ਨੂੰ ਮਹਾਮਾਰੀ ਖ਼ਿਲਾਫ਼ ਲੜਾਈ ’ਚ ‘ਫੈਸਲਾਕੁਨ ਮੋੜ’ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਸ ਨਾਲ ਭਾਰਤ ਦੇ ਕੋਵਿਡ-19 ਮੁਕਤ ਮੁਲਕ ਬਣਨ ਦੀ ਪ੍ਰਕਿਰਿਆ ਨੂੰ ਗਤੀ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਗੱਲ ’ਤੇ ਹਰ ਭਾਰਤੀ ਨੂੰ ਮਾਣ ਹੋਵੇਗਾ ਕਿ ਦੋਵੇਂ ਵੈਕਸੀਨਾਂ ਦਾ ਨਿਰਮਾਣ ਭਾਰਤ ਵਿੱਚ ਹੋ ਰਿਹਾ ਹੈ। ਵੈਕਸੀਨਾਂ ਨੂੰ ਪ੍ਰਵਾਨਗੀ ਮਿਲਣ ਮਗਰੋਂ ਕੀਤੇ ਕਈ ਟਵੀਟਾਂ ਵਿੱਚ ਮੋਦੀ ਨੇ ਮੁਲਕ ਵਾਸੀਆਂ ਤੇ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਕਿਹਾ, ‘‘ਇਸ ਵਿੱਚੋਂ ਸਾਡੇ ਵਿਗਿਆਨਕ ਭਾਈਚਾਰੇ ਵਲੋਂ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਦਿਖਾਈ ਉਤਸੁਕਤਾ ਝਲਕਦੀ ਹੈ, ਜਿਨ੍ਹਾਂ ਦਾ ਮਕਸਦ ਦੇਖਭਾਲ ਅਤੇ ਦਿਆਲਤਾ ਹੈ।’’ ਉਨ੍ਹਾਂ ਇੱਕ ਵਾਰ ਫਿਰ ਡਾਕਟਰਾਂ, ਮੈਡੀਕਲ ਸਟਾਫ, ਵਿਗਿਆਨੀਆਂ, ਪੁਲੀਸ ਮੁਲਾਜ਼ਮਾਂ, ਸਫ਼ਾਈ ਵਰਕਰਾਂ ਅਤੇ ਸਾਰੇ ‘ਕਰੋਨਾ ਯੋਧਿਆਂ’ ਦਾ ਔਖੇ ਹਾਲਾਤ ਵਿੱਚ ਕੀਤੇ ਕੰਮ ਅਤੇ ਲੱਖਾਂ ਜਾਨਾਂ ਬਚਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਮੁਲਕ ਹਮੇਸ਼ਾਂ ਉਨ੍ਹਾ ਦਾ ਰਿਣੀ ਰਹੇਗਾ। ਉਨ੍ਹਾਂ ਟਵੀਟ ਕੀਤਾ, ‘‘ਦਲੇਰਾਨਾ ਲੜਾਈ ਨੂੰ ਬਲ ਦੇਣ ਲਈ ਫੈਸਲਾਕੁਨ ਮੋੜ! ਡੀਸੀਜੀਆਈ ਵਲੋਂ ਸੀਰਮ ਇੰਸਟੀਚਿਊਟ ਇੰਡੀਆ ਅਤੇ ਭਾਰਤ ਬਾਇਓਟੈੱਕ ਦੀਆਂ ਵੈਕਸੀਨਾਂ ਨੂੰ ਪ੍ਰਵਾਨਗੀ ਦਿੱਤੇ ਜਾਣ ਨਾਲ ਸਿਹਤਮੰਦ ਅਤੇ ਕੋਵਿਡ ਮੁਕਤ ਮੁਲਕ ਦੀ ਪ੍ਰਕਿਰਿਆ ਨੂੰ ਗਤੀ ਮਿਲੇਗੀ। ਭਾਰਤ ਨੂੰ ਵਧਾਈ’’ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਵੈਕਸੀਨ ਪ੍ਰਵਾਨਗੀ ਦਾ ਸਵਾਗਤ ਕਰਦਿਆਂ ਇਸ ਨੂੰ ਭਾਰਤ ਦੀ ਕੋਵਿਡ-19 ਖ਼ਿਲਾਫ਼ ਜੰਗ ਵਿੱਚ ‘ਇਤਿਹਾਸਿਕ ਪਲ’ ਕਰਾਰ ਦਿੱਤਾ। ਉਨ੍ਹਾਂ ਟਵੀਟ ਕਰਦਿਆਂ ਇਨ੍ਹਾਂ ਵੈਕਸੀਨਾਂ ਨੂੰ ਕਰੋਨਾ ਯੋਧਿਆਂ ਲਈ ਢੁਕਵਾਂ ਸਨਮਾਨ ਕਰਾਰ ਦਿੱਤਾ।