ਚੰਡੀਗੜ – ਨਵੇਂ ਸਾਲ 2021 ਦੀ ਆਮਦ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿਚ ਤਿੰਨ ਨਵੇਂ ਡਾਇਰੈਕਟਰ ਸ਼ਾਮਲ ਕੀਤੇ ਗਏ ਹਨ। ਸਿਹਤ ਵਿਭਾਗ ਵਿਚ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ , ਪੰਜਾਬ ਦੇ ਅਹੁਦੇ ‘ਤੇ ਡਾ. ਗੁਰਿੰਦਰਬੀਰ ਸਿੰਘ , ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ ) ਡਾ. ਆਦੇਸ਼ ਕੰਗ ਅਤੇ ਡਾਇਰੈਕਟਰ ਸਿਹਤ ਸੇਵਾਵਾਂ (ਈ.ਐਸ.ਆਈ.) ਡਾ. ਓਮ ਪ੍ਰਕਾਸ਼ ਗੋਜਰਾ ਵੱਲੋਂ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਮੁੱਖ ਦਫਤਰ ਦੇ ਸਮੂਹ ਸਟਾਫ਼ ਵੱਲੋਂ ਨਵ- ਨਿਯੁਕਤ ਡਾਇਰੈਕਟਰਾਂ ਦਾ ਸਵਾਗਤ ਕੀਤਾ ਗਿਆ ਅਤੇ ਉਨਾਂ ਨੂੰ ਵਿਭਾਗ ਦੇ ਕੰਮ ਕਾਜ ਵਿਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਡਾ. ਜੀ.ਬੀ.ਸਿੰਘ ਵੱਲੋਂ ਆਪਣੀ ਸਰਕਾਰੀ ਸੇਵਾ ਦੀ ਸ਼ੁਰੂਆਤ ਸਿਹਤ ਵਿਭਾਗ ਵਿਚ ਬਤੌਰ ਮੈਡੀਕਲ ਅਫ਼ਸਰ ਸਾਲ 1988 ਵਿਚ ਕੀਤੀ ਗਈ ਅਤੇ ਸਾਲ 2013 ਵਿਚ ਉਹਨਾਂ ਨੇ ਐਸ.ਐਮ.ਓ. ਵਜੋਂ ਤਰੱਕੀ ਹਾਸਲ ਕੀਤੀ। ਫ਼ਰਵਰੀ 2020 ਵਿਚ ਤਰੱਕੀ ਉਪਰੰਤ ਉਹਨਾਂ ਨੇ ਸਿਵਲ ਸਰਜਨ ਬਰਨਾਲਾ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ। ਮੌਜੂਦਾ ਸਮੇਂ ਡਾਇਰੈਕਟਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਜਿਲਾ ਮੋਹਾਲੀ ਵਿਖੇ ਸਿਵਲ ਸਰਜਨ ਦੇ ਅਹੁਦੇ ‘ਤੇ ਸੇਵਾ ਨਿਭਾਅ ਰਹੇ ਸਨ। ਇਸ ਤੋਂ ਇਲਾਵਾ ਪਬਲਿਕ ਹੈਲਥ ਸਪੈਸ਼ਲਿਸਟ ਵਜੋਂ ਕੰਮ ਕਰ ਚੁੱਕੇ ਡਾ.ਜੀ.ਬੀ. ਸਿੰਘ ਵਿਸ਼ਵ ਸਿਹਤ ਸੰਗਠਨ ਨਾਲ ਕੰਮ ਕੀਤਾ ਅਤੇ ਅਮਰੀਕਾ ਤੇ ਫਰਾਂਸ ਵਿੱਚ ਸਿਖਲਾਈ ਹਾਸਲ ਕੀਤੀ ਹੈ।ਉਨਾਂ ਵੱਲੋਂ ਅਹੁਦਾ ਸੰਭਾਲਣ ਉਪਰੰਤ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪੂਰੀ ਤਨਦੇਹੀ ਨਾਲ਼ ਆਪਣੀ ਡਿਊਟੀ ਨਿਭਾਉਣ ਦੀ ਹਦਾਇਤ ਕੀਤੀ ਗਈ।ਡਾ. ਆਦੇਸ਼ ਕੰਗ ,ਗਾਇਨੀਕਾਲੋਜਿਸਟ ਵੱਲੋਂ ਆਪਣੀ ਸਰਕਾਰੀ ਸੇਵਾ ਦੀ ਸ਼ੁਰੂਆਤ ਸਾਲ 1988 ਵਿਚ ਮੈਡੀਕਲ ਅਫ਼ਸਰ ਵਜੋਂ ਕੀਤੀ ਅਤੇ ਮੋਹਾਲੀ, ਫਤਹਿਗੜ ਸਾਹਿਬ ਅਤੇ ਰੋਪੜ ਵਿੱਚ ਬਤੌਰ ਗਾਇਨੀਕਾਲੋਜਿਸਟ ਸੇਵਾ ਨਿਭਾ ਚੁੱਕੇ ਹਨ। ਉਹਨਾਂ ਸਾਲ 2013 ਵਿਚ ਬਤੌਰ ਐਸ.ਐਮ.ਓ. ਦੀ ਤਰੱਕੀ ਪ੍ਰਾਪਤ ਕੀਤੀ ਅਤੇ 2020 ਵਿਚ ਬਤੌਰ ਸਿਵਲ ਸਰਜਨ ਮੋਗਾ ਨਿਯੁਕਤ ਹੋਣ ਤੋਂ ਪਹਿਲਾਂ ਐਸ.ਐਮ.ਓ. ਆਈ/ਸੀ ਐਸਡੀਐਚ ਖਰੜ, ਐਸ.ਐਮ.ਓ. ਆਈ/ਸੀ ਸਿਵਲ ਹਸਪਤਾਲ ਮੁਹਾਲੀ, ਡੈਜਿਗਨੇਟਡ ਅਧਿਕਾਰੀ (ਖੁਰਾਕ) ਜ਼ਿਲਾ ਲੁਧਆਣਾ ਵਿਖੇ ਰਹੇ ਅਤੇ ਮੌਜੂਦਾ ਸਮੇਂ ਉਹ ਸੇਫਟੀ ਵਿਭਾਗ ਵਿੱਚ ਸਟੇਟ ਨੋਡਲ ਅਫ਼ਸਰ ਫ਼ੂਡ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਹਨਾਂ ਕੋਲ ਸਰਕਾਰੀ ਸੇਵਾ ਦਾ ਵੱਡਾ ਤਜ਼ੁਰਬਾ ਹੈ।ਇਸੇ ਤਰਾਂ ਡਾਇਰੈਕਟਰ ਸਿਹਤ ਸੇਵਾਵਾਂ (ਈ.ਐਸ.ਆਈ.) ਡਾ ਓਮ ਪ੍ਰਕਾਸ਼ ਗੋਜਰਾ ਵੱਲੋਂ ਸਾਲ 1988 ਵਿਚ ਸਰਕਾਰੀ ਸੇਵਾ ਵਿਚ ਬਤੌਰ ਮੈਡੀਕਲ ਅਫ਼ਸਰ ਸ਼ੁਰੂਆਤ ਕੀਤੀ ਗਈ। ਸਾਲ 2020 ਵਿਚ ਤਰੱਕੀ ਉਪਰੰਤ ਸਿਵਲ ਸਰਜਨ ਰਹਿਣ ਤੋਂ ਬਾਅਦ ਉਹ ਰਾਜ ਸਿਹਤ ਤੇ ਪਰਿਵਾਰ ਭਲਾਈ ਸਿਖਲਾਈ ਸੰਸਥਾ ਮੋਹਾਲੀ ਵਿਖੇ ਬਤੌਰ ਪਿ੍ਰੰਸੀਪਲ ਨਿਯੁਕਤ ਹੋਏ। ਇਸ ਮੌਕੇ ਤਿੰਨੋਂ ਨਵ-ਨਿਯੁਕਤ ਡਾਇਰੈਕਟਰਾਂ ਵੱਲੋਂ ਸਮੂਹ ਸਟਾਫ਼ ਦਾ ਉਨਾਂ ਵੱਲੋਂ ਕੀਤੇ ਗਏ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ ਗਿਆ।