ਲੰਡਨ, 15 ਮਈ, 2020 : ਯੂਨੀਵਰਸਿਟੀ ਕਾਲਜ ਲੰਡਨ ਦੇ ਵਿਗਿਆਨੀਆਂ ਦੀ ਇਕ ਟੀਮ ਨੇ ਇਕ ਆਨਲਾਈਨ ਕੈਲਕੁਲੇਟਰ ਬਣਾਇਆ ਹੈ ਜੋ ਵਿਅਕਤੀ ਦੇ ਕੋਰੋਨਾ ਨਾਲ ਮਰਨ ਬਾਰੇ ਭਵਿੱਖਬਾਣੀ ਕਰਦਾ ਹੈ। ਇਹ ਆਨਲਾਈਨ ਕੈਲਕੁਲੇਟਰ ਵਿਅਕਤੀ ਦੀ ਉਮਰ, ਲਿੰਗ ਤੇ ਬਿਮਾਰ ਹੋਣ ਦੇ ਸਮੇਂ ਨੂੰ ਆਧਾਰ ਬਣਾ ਕੇ ਇਕ ਸਾਲ ਦੀ ਮੌਤ ਦਰ ਬਾਰੇ ਭਵਿੱਖਬਾਣੀ ਕਰਦਾ ਹੈ। ਇਹ ਮੁਫਤ ਵਿਚ ਵਰਤੋਂ ਕੀਤੇ ਜਾ ਸਕਣ ਵਾਲਾ ਕੈਲਕੁਲੇਟਰ ਇਨਫੈਕਸ਼ਨ ਦੇ ਖਤਰੇ ਦੀ ਭਵਿੱਖਾਣੀ ਦੇ ਨਾਲ ਨਾਲ ਸਿਹਤ ਸੇਵਾ ‘ਤੇ ਦਬਾਅ ਵਰਗੇ ਤੱਤਾਂ ਬਾਰੇ ਵੀ ਖੁਲਾਸੇ ਕਰਦਾ ਹੈ। ‘ਦਾ ਲਾਂਸੈਟ’ ਨਾਂ ਦੇ ਰਸਾਲੇ ਵਿਚ ਛਪੀ ਇਕ ਰਿਪੋਰਟ ਮੁਤਾਬਕ ਯੂ ਕੇ ਵਿਚ 80 ਲੱਖ ਲੋਕ ਜੋ ਕਿ ਆਬਾਦੀ ਦਾ 12 ਫੀਸਦੀ ਬਣਦੇ ਹਨ, ਦੇ ਕੋਰੋਨਾ ਤੋਂ ਪੀੜਤ ਹੋਣ ਦਾ ਵੱਡਾ ਖਤਰਾ ਹੈ ਤੇ ਆਪਣੇ ਬਚਾਅ ਲਈ ਲੋਕਾਂ ਨੂੰ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਇਸ ਵਿਚ ਇਹ ਵੀ ਕਿਹਾ ਗਿਆ ਕਿ ਜੇਕਰ ਲਾਕ ਡਾਊਨ ਜਲਦੀ ਖਤਮ ਕੀਤਾ ਗਿਆ ਤਾਂ ਯੂ ਕੇ ਵਿਚ 37 ਹਜ਼ਾਰ ਤੋਂ 73 ਹਜ਼ਾਰ ਵੱਧ ਮੌਤਾਂ ਹੋ ਸਕਦੀਆਂ ਹਨ।
ਯੂ ਕੇ ਵਿਚ ਇਸ ਵੇਲੇ 225000 ਕੋਰੋਨਾ ਪਾਜ਼ੀਟਿਵ ਕੇਸ ਹਨ ਤੇ 32600 ਮੌਤਾਂ ਹੋ ਚੁੱਕੀਆਂ ਹਨ। ਬਿਮਾਰੀ ਦੀ ਲਪੇਟ ਵਿਚ ਆਉਣ ਦੇ ਮਾਮਲੇ ਵਿਚ ਉਹ ਅਮਰੀਕਾ ਮਗਰੋਂ ਦੂਜੇ ਨੰਬਰ ‘ਤੇ ਹੈ।