ਸਰੀ, 28 ਮਈ 2020 – ਕੱਲ੍ਹ ਬੀਸੀ ਸੁਪਰੀਮ ਕੋਰਟ ਵਿਚ ਪੇਸ਼ ਹੋਈ ਚੀਨ ਦੀ ਟੈਲੀਕਾਮ ਕੰਪਨੀ ਹੁਆਵੇਈ ਦੀ ਚੀਫ ਫਾਈਨੈਂਸ਼ਲ ਅਫਸਰ ਮੇਂਗ ਵੌਨਜ਼ੌ ਨੂੰ ਕੋਰਟ ਨੇ ਰਾਹਤ ਨਹੀਂ ਦਿੱਤੀ, ਜਿਸ ਦੇ ਨਤੀਜੇ ਵਜੋਂ ਹੁਣ ਕੈਨੇਡਾ ਵਿਚ ਉਸ ਵਿਰੁੱਧ ਕਾਨੂੰਨੀ ਲੜਾਈ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਮੇਂਗ ਨੂੰ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦਸੰਬਰ 2018 ਵਿਚ ਅਮਰੀਕਾ ਦੇ ਕਹਿਣ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕਾ ਨੇ ਉਸ ਉਪਰ ਦੋਸ਼ ਲਾਏ ਸਨ ਕਿ ਉਸ ਨੇ ਅਮਰੀਕਾ ਦੀਆਂ ਪਾਬੰਦੀਆਂ ਨੂੰ ਅਣਗੌਲਿਆਂ ਕਰਕੇ ਈਰਾਨ ਨਾਲ ਬਿਜਨਸ ਕੀਤਾ ਹੈ। ਮੈਂਗ ਦੀ ਗ੍ਰਿਫਤਾਰੀ ਕਾਰਨ ਚੀਨ ਅਤੇ ਕੈਨੇਡਾ ਦੇ ਸਬੰਧਾਂ ਵਿਚ ਵੀ ਕੜਵਾਹਟ ਆਈ ਅਤੇ ਦੋਹਾਂ ਦੇਸ਼ਾਂ ਵਿਚਲੇ ਵਪਾਰਕ ਸਬੰਧ ਵੀ ਪਹਿਲਾਂ ਵਾਲੇ ਨਹੀਂ ਰਹੇ। ਚੀਨ ਨੇ ਮੈਂਗ ਗ੍ਰਿਫਤਾਰੀ ਦਾ ਬਦਲਾ ਲੈਂਦਿਆਂ ਦੋ ਕੈਨੇਡੀਅਨਾਂ ਮਾਈਕਲ ਸਪੈਵਰ ਅਤੇ ਮਾਈਕਲ ਕੋਵਰੀਗ ਨੂੰ ਚੀਨ ਵਿਚ ਨਜ਼ਰਬੰਦ ਕਰ ਲਿਆ ਸੀ ਜੋ ਅਜੇ ਵੀ ਉਥੇ ਹੀ ਨਜ਼ਰਬੰਦ ਹਨ।
ਪ੍ਰਧਾਨ ਮੰਤਰੀ ਟਰੂਡੋ ਨੇ ਦੋ ਦਿਨ ਪਹਿਲਾਂ ਇਕ ਬਿਆਨ ਵਿਚ ਕਿਹਾ ਸੀ ਕਿ ਸੁਪਰੀਮ ਕੋਰਟ ਹੀ ਇਸਦਾ ਫੈਸਲਾ ਕਰੇਗੀ ਕਿ ਮੈਂਗ ਉਪਰ ਅਮਰੀਕੀ ਹਵਾਲਗੀ ਦਾ ਮੁਕੱਦਮਾ ਚੱਲਣਾ ਚਾਹੀਦਾ ਹੈ ਜਾਂ ਨਹੀਂ।
ਹੁਆਵੇਈ ਕੰਪਨੀ ਨੇ ਅਦਾਲਤ ਦੇ ਇਸ ਫੈਸਲੇ ਤੇ ਨਿਰਾਸਾ ਜ਼ਾਹਰ ਕੀਤੀ ਹੈ ਪਰ ਨਾਲ ਹੀ ਕਿਹਾ ਹੈ ਕਿ ਉਸ ਨੂੰ ਯਕੀਨ ਹੈ ਕਿ ਕੈਨੇਡਾ ਦੀ ਨਿਆਂ ਪ੍ਰਣਾਲੀ ਆਖਰਕਾਰ ਉਸ ਨੂੰ ਨਿਰਦੋਸ਼ ਕਰਾਰ ਦੇਵੇਗੀ। ਕੰਪਨੀ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸ੍ਰੀਮਤੀ ਮੇਂਗ ਬੇਗੁਨਾਹ ਹੈ ਅਤੇ ਹੁਆਵੇਈ ਸ੍ਰੀਮਤੀ ਮੇਂਗ ਨੂੰ ਇਨਸਾਫ ਅਤੇ ਆਜ਼ਾਦੀ ਦੁਆਉਣ ਲਈ ਆਪਣੀਆਂ ਕੋਸ਼ਿਸਾਂ ਜਾਰੀ ਰੱਖੇਗੀ।