ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਦੇ ਵਫ਼ਦ ਨਾਲ ਕੀਤੀ ਮੁਲਾਕਾਤ
ਚੰਡੀਗੜ – ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੂਬੇ ਦੇ ਵੱਖ-ਵੱਖ ਵਿਭਾਗਾਂ ਨੂੰ ਤਰੱਕੀਆਂ ਮੌਕੇ ਰੋਸਟਰ ਰਜਿਸਟਰ ਨਿਯਮਾਂ ਦੀ ਇੰਨ-ਬਿੰਨ ਨਾਲ ਪਾਲਣਾ ਕਰਨ ਦੀ ਆਦੇਸ਼ ਦਿੱਤੇ ਹਨ। ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ, ਪੰਜਾਬ ਦੇ ਵਫ਼ਦ ਨਾਲ ਮੁਲਾਕਾਤ ਮਗਰੋਂ ਸ. ਧਰਮਸੋਤ ਨੇ ਇਸ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ।ਸ. ਧਰਮਸੋਤ ਨੇ ਕਿਹਾ ਕਿ ਯੂਨੀਅਨ ਦੇ ਮੈਂਬਰਾਂ ਵੱਲੋਂ ਉਨਾਂ ਦੇ ਧਿਆਨ ’ਚ ਲਿਆਂਦਾ ਗਿਆ ਹੈ ਕਿ ਵੱਖ-ਵੱਖ ਵਿਭਾਗਾਂ ’ਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਰਮਚਾਰੀਆਂ ਦੀ ਤਰੱਕੀ ਸਮੇਂ ਅਣਗਹਿਲੀ ਵਰਤੀ ਜਾ ਰਹੀ ਹੈ। ਉਨਾਂ ਸੂਬੇ ਦੇ ਸਮੂਹ ਜ਼ਿਲਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰਾਂ ਨੂੰ ਰੋਸਟਰ ਰਜਿਸਟਰ ਮੇਨਟੇਨ ਕਰਵਾਉਣ ਅਤੇ ਤਰੱਕੀਆਂ ਦੌਰਾਨ ਰਾਖਵਾਂਕਰਨ ਦੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ।ਸ. ਧਰਮਸੋਤ ਨੇ ਕਿਹਾ ਕਿ ਤਰੱਕੀਆਂ ਦੌਰਾਨ ਬੈਕਲਾਗ ਭਰਨ ਨੂੰ ਵੀ ਪਹਿਲ ਦਿੱਤੀ ਜਾਵੇ ਤਾਂ ਜੋ ਸਬੰਧਤਾਂ ਦੇ ਬਣਦੇ ਹੱਕ ਉਨਾਂ ਨੂੰ ਦਿੱਤੇ ਜਾ ਸਕਣ। ਉਨਾਂ ਵਿਭਾਗੀ ਜ਼ਿਲਾ ਅਧਿਕਾਰੀਆਂ ਨੂੰ ਸਬੰਧਤ ਜਿਲਿਆਂ ਦੇ ਵੱਖ-ਵੱਖ ਵਿਭਾਗਾਂ ਦੇ ਰੋਸਟਰ ਰਜਿਸਟਰ ਮੇਨਟੇਨ ਕਰਨ ਦੀ ਮਹੀਨਾਵਾਰ ਪ੍ਰਗਤੀ ਰਿਪੋਰਟ ਪੇਸ਼ ਕੀਤੀ ਜਾਵੇ, ਜਿਸਦੀ ਵਿਭਾਗ ਵੱਲੋਂ ਸਮੀਖਿਆ ਕੀਤੀ ਜਾਵੇਗੀ।ਸ. ਧਰਮਸੋਤ ਨੇ ਕਿਹਾ ਕਿ ਨਿਯਮਾਂ ਅਨੁਸਾਰ ਰੋਸਟਰ ਰਜਿਸਟਰ ਲਾਗੂ ਨਾ ਕਰਨ ਅਤੇ ਤਰੱਕੀਆਂ ਦੌਰਾਨ ਰਾਖਵਾਂਕਰਨ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਉਣ ’ਤੇ ਸਬੰਧਤ ਅਧਿਕਾਰੀ/ਕਰਮਚਾਰੀ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨਾਂ ਵਫ਼ਦ ਦੇ ਮੈਂਬਰਾਂ ਨੂੰ ਵੱਖ-ਵੱਖ ਜ਼ਿਲਿਆਂ ਦੇ ਰੋਸਟਰ ਰਜਿਸਟਰ ਨਿਯਮਾਂ ਦੀ ੳਲੰਘਣਾ ਦੇ ਮਾਮਲੇ ਉਨਾਂ ਦੇ ਧਿਆਨ ’ਚ ਲਿਆਉਣ ਲਈ ਵੀ ਕਿਹਾ।ਸ. ਧਰਮਸੋਤ ਨੇ ਵਫ਼ਦ ਵੱਲੋਂ ਉਠਾਈਆਂ ਹੋਰ ਵੱਖ-ਵੱਖ ਜਾਇਜ਼ ਮੰਗਾਂ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੀਟਿੰਗ ਵਿੱਚ ਐਸ.ਬੀ./ਬੀ.ਸੀ. ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸ੍ਰੀ ਪਰਮਿੰਦਰ ਭਾਰਤੀ, ਇੰਚਾਰਜ ਆਰ.ਟੀ.ਆਈ. ਸ੍ਰੀ ਰਾਜ ਕੁਮਾਰ ਚੌਹਾਨ, ਮੈਂਬਰ ਸ੍ਰੀ ਰਵਿੰਦਰ ਸਿੰਘ ਰਵੀ, ਸ੍ਰੀ ਕੁਲਵਿੰਦਰ ਸਿੰਘ ਅਤੇ ਜਤਿੰਦਰ ਸਿੰਘ ਆਦਿ ਹਾਜ਼ਰ ਸਨ।