ਕਾਠਮੰਡੂ – ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਅੱਜ ਆਪਣੇ ਵਿਰੋਧੀਆਂ ਨੂੰ ਹੈਰਾਨ ਕਰਦਿਆਂ ਰਾਸ਼ਟਰਪਤੀ ਰਾਹੀਂ ਸੰਸਦ ਭੰਗ ਕਰਵਾ ਦਿੱਤੀ ਹੈ। ਇਹ ਵਿਵਾਦਿਤ ਕਦਮ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਅਤੇ ਓਲੀ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਦੌਰਾਨ ਚੁੱਕਿਆ ਗਿਆ ਹੈ। ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਓਲੀ ਦੀ ਸਿਫਾਰਿਸ਼ ’ਤੇ ਸੰਸਦ ਦੇ ਹੇਠਲੇ ਸਦਨ (ਹਾਊਸ ਆਫ ਰੀਪਰਜ਼ੈਂਟੇਟਿਵਜ਼) ਨੂੰ ਭੰਗ ਕਰਦਿਆਂ ਅਪਰੈਲ-ਮਈ ਵਿੱਚ ਮੱਧਕਾਲੀ ਚੋਣਾਂ ਦਾ ਐਲਾਨ ਕਰ ਦਿੱਤਾ ਏ। ਵਿਰੋਧੀ ਧਿਰ ਨੇ ਇਸ ਫ਼ੈਸਲੇ ਦੀ ਨਿੰਦਾ ਕਰਦਿਆਂ ਇਸ ਨੂੰ ਅਸੰਵਿਧਾਨਿਕ ਕਰਾਰ ਦਿੱਤਾ ਹੈ। ਸੱਤਾਧਿਰ ਨੇਪਾਲ ਕਮਿਊਨਿਸਟ ਪਾਰਟੀ (ਐੱਨਸੀਪੀ) ਦੇ ਸੀਨੀਅਰ ਸਟੈਂਡਿੰਗ ਕਮੇਟੀ ਮੈਂਬਰ ਨੇ ਦੱਸਿਆ ਕਿ ਪਹਿਲਾਂ ਓਲੀ ਦੀ ਪ੍ਰਧਾਨਗੀ ਹੇਠ ਕੈਬਨਿਟ ਦੀ ਹੰਗਾਮੀ ਬੈਠਕ ਸੱਦੀ ਗਈ, ਜਿਸ ਮਗਰੋਂ ਰਾਸ਼ਟਰਪਤੀ ਨੂੰ ਸੰਸਦ ਭੰਗ ਕਰਨ ਦੀ ਸਿਫਾਰਿਸ਼ ਕੀਤੀ ਗਈ। ਰਾਸ਼ਟਰਪਤੀ ਭਵਨ ਵਲੋਂ ਜਾਰੀ ਨੋਟਿਸ ਅਨੁਸਾਰ ਪਹਿਲੇ ਪੜਾਅ ਦੀਆਂ ਮੱਧਕਾਲੀ ਆਮ ਚੋਣਾਂ 30 ਅਪਰੈਲ ਨੂੰ ਅਤੇ ਦੂਜੇ ਪੜਾਅ ਦੀਆਂ 10 ਮਈ ਨੂੰ ਹੋਣਗੀਆਂ। ਸੰਸਦ ਦੇ 275 ਮੈਂਬਰੀ ਹੇਠਲੇ ਸਦਨ ਦੇ ਪੰਜ ਸਾਲਾਂ ਦੇ ਕਾਰਜਕਾਲ ਲਈ ਸਾਲ 2017 ਵਿੱਚ ਚੋਣਾਂ ਹੋਈਆਂ ਸਨ। ਦੱਸਣਯੋਗ ਹੈ ਕਿ ਸੱਤਾਧਿਰ ਐੱਨਸੀਪੀ ਦੇ ਦੋ ਧੜਿਆਂ, ਜਿਨ੍ਹਾਂ ਵਿਚੋਂ ਇੱਕ ਦੀ ਅਗਵਾਈ 68 ਵਰ੍ਹਿਆਂ ਦੇ ਓਲੀ ਕਰਦੇ ਹਨ ਅਤੇ ਦੂਜੇ ਦੀ ਅਗਵਾਈ 66 ਵਰ੍ਹਿਆਂ ਦੇ ‘ਪ੍ਰਚੰਡ’ ਕਰਦੇ ਹਨ, ਵਿਚਲੇ ਕਈ ਮਹੀਨਿਆਂ ਤੋਂ ਤਣਾਅ ਚੱਲਿਆ ਆ ਰਿਹਾ ਸੀ।