ਨਵੀਂ ਦਿੱਲੀ – ਟਿਕਰੀ ਬਾਰਡਰ ‘ਤੇ ਜੁੜੇ ਬੀ ਕੇ ਯੂ ਏਕਤਾ (ਉਗਰਾਹਾਂ) ਕਾਫ਼ਲੇ ਦੀ ਇਕੱਤਰਤਾ ਨੇ ਅੱਜ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀਆਂ ਪਾ ਗਏ ਲੋਕਾਂ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਟ ਕੀਤੀਆਂ। ਹਜਾਰਾਂ ਦੀ ਤਦਾਦ ‘ਚ ਜੁੜੇ ਇਕੱਠ ਨੇ ਸਮੂਹਿਕ ਤੌਰ ‘ਤੇ ਖੜੇ ਹੋ ਕੇ ਦੋ ਮਿੰਟ ਲਈ ਮੌਨ ਰੱਖਿਆ ਤੇ ਸ਼ਹੀਦਾਂ ਦੀ ਯਾਦ ਨੂੰ ਸਿਜਦਾ ਕੀਤਾ। “ਅਮਰ ਸ਼ਹੀਦਾਂ ਦਾ ਪੈਗਾਮ- ਜਾਰੀ ਰੱਖਣਾ ਹੈ ਸੰਗਰਾਮ“ ਦੇ ਬੁਲੰਦ ਨਾਅਰਿਆਂ ਨਾਲ ਸ਼ਹੀਦਾਂ ਦੀ ਕੁਰਬਾਨੀ ਨੂੰ ਅਜਾਈਂ ਨਾ ਜਾਣ ਦੇਣ ਦਾ ਪ੍ਰਣ ਅਤੇ ਮੁਕੰਮਲ ਜਿੱਤ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਠਾਠਾਂ ਮਾਰਦੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਲਗਭਗ ਦੋ ਦਰਜਨ ਜਿੰਦਗੀਆਂ ਤਾਂ ਦਿੱਲੀ ਮੋਰਚੇ ‘ਚ ਹੀ ਕੁਰਬਾਨ ਚੁੱਕੀਆਂ ਹਨ ਪਰ ਸ਼ਹੀਦਾਂ ਦੇ ਡੁੱਲੇ ਲਹੂ ਨੂੰ ਮਸਤਕ ਨਾਲ ਲਾ ਕੇ ਅਸੀਂ ਕਸਮ ਖਾਂਦੇ ਹਾਂ ਕਿ ਸਿਦਕ ਦੀ ਇਸ ਪਰਖ ਅੰਦਰ ਅਸੀਂ ਹਰ ਹਾਲ ਪੂਰੇ ਉਤਰਾਂਗੇ। ਸੰਘਰਸ਼ ਅੰਦਰ ਅਜਿਹੇ ਵਿਛੋੜੇ ਸਾਡੇ ਹੌਸਲੇ ਪਸਤ ਨਹੀਂ ਕਰ ਸਕਣਗੇ, ਸਗੋਂ ਇਹ ਕੁਰਬਾਨੀਆਂ ਸਾਡੇ ਕਦਮਾਂ ਚ ਬਿਜਲੀਆਂ ਭਰਨਗੀਆਂ ਅਤੇ ਸਾਡੇ ਇਰਾਦਿਆਂ ਨੂੰ ਸਾਣ ‘ਤੇ ਲਾਉਣਗੀਆਂ।ਉਹਨਾਂ ਵਿਦੇਸ਼ੀਂ ਵਸਦੇ ਪੰਜਾਬੀਆਂ ਵਲੋਂ ਭੇਜੇ ਜਾ ਰਹੇ ਫੰਡ ਦੇ ਮਸਲੇ ‘ਤੇ ਕਾਰਵਾਈ ਕਰਨ ਦੀਆਂ ਮੋਦੀ ਹਕੂਮਤ ਦੀਆਂ ਧਮਕੀਆਂ ਦੀ ਜ਼ੋਰਦਾਰ ਨਿੰਦਾ ਕੀਤੀ ਤੇ ਇਸ ਨੂੰ ਸਿਰੇ ਦਾ ਦਬਾਊ ਹੱਥਕੰਡਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਜਦੋਂ ਮੋਦੀ ਹਕੂਮਤ ਦੀਆਂ ਪਾਟਕ ਪਾਉਣ ਤੇ ਘੋਲ ਬਾਰੇ ਗਲਤ ਪ੍ਰਚਾਰ ਕਰਨ ਦੀਆਂ ਸਭ ਚਾਲਾਂ ਕੁੱਟੀਆਂ ਜਾ ਰਹੀਆਂ ਹਨ ਤਾਂ ਅਜਿਹੇ ਸਮੇਂ ਮੋਦੀ ਹਕੂਮਤ ਬੇਹੱਦ ਘਟੀਆ ਹਥਕੰਡਿਆਂ ‘ਤੇ ਉੱਤਰ ਆਈ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਤੋਂ ਆਇਆ ਫੰਡ ਪੰਜਾਬੀ ਕਿਸਾਨਾਂ ਦੇ ਧੀਆਂ ਪੁੱਤਾਂ ਵੱਲੋਂ ਦਸਾਂ ਨਹੁੰਆਂ ਦੀ ਕਿਰਤ ਕਮਾਈ ‘ਚੋਂ ਸੰਘਰਸ਼ ‘ਚ ਪਾਇਆ ਹਿੱਸਾ ਹੈ।ਇਹ ਕਿਸੇ ਨਾਪਾਕ ਮਕਸਦਾਂ ਲਈ ਆਈਆਂ ਰਕਮਾਂ ਨਹੀਂ ਹਨ ਤੇ ਅਜਿਹੀਆਂ ਕਾਰਵਾਈਆਂ ਨਾਲ ਸੰਘਰਸ਼ ਦਬਾਇਆ ਨਹੀਂ ਜਾ ਸਕਦਾ। ਇਸ ਵਿਸ਼ਾਲ ਰੈਲੀ ਨੂੰ ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਔਰਤ ਵਿੰਗ ਦੀ ਆਗੂ ਕੁਲਦੀਪ ਕੌਰ ਕੁੱਸਾ ਨੇ ਵੀ ਸੰਬੋਧਨ ਕੀਤਾ ਤੇ ਸੰਘਰਸ਼ ਦੌਰਾਨ ਮਾਰੀਆਂ ਮੱਲਾਂ ਦੀ ਚਰਚਾ ਕੀਤੀ। ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਾਨੂੰਨਾਂ ਚ ਤਜਵੀਜ਼ਤ ਸੋਧਾਂ ਨੂੰ ਰੱਦ ਕਰਨ ਦਾ ਅਰਥ ਫ਼ਸਲਾਂ ਦੇ ਮੰਡੀਕਰਨ ਚ ਕਾਰਪੋਰੇਟਾਂ ਦੇ ਦਾਖਲੇ ਨੂੰ ਰੋਕਣ ਦੀ ਪਹੁੰਚ ਹੈ। ਇਨਾਂ ਸੋਧਾਂ ਨਾਲ ਵੀ ਫ਼ਸਲਾਂ ਦੇ ਮੰਡੀਕਰਨ ਚ ਕਾਰਪੋਰੇਟਾਂ ਦਾ ਦਾਖਲਾ ਖੁੱਲਾ ਹੀ ਰਹਿੰਦਾ ਹੈ। ਇਹ ਦਾਖਲਾ ਬੰਦ ਕਰਨ ਲਈ ਕਾਨੂੰਨ ਰੱਦ ਕਰਨ ਦੀ ਹੀ ਜ਼ਰੂਰਤ ਹੈ।