ਭਾਰਤ ਤੇ ਆਸਟਰੇਲੀਆ ਦਰਮਿਆਨ ਪਹਿਲੇ ਟੈਸਟ ਮੈਚ ਦਾ ਦੂਜਾ ਦਿਨ ਗੇਂਦਬਾਜ਼ਾਂ ਦੇ ਨਾਂ ਰਿਹਾ। ਛੇ ਵਿਕਟਾਂ ਦੇ ਨੁਕਸਾਨ ’ਤੇ 233 ਦੌੜਾਂ ਤੋਂ ਅੱਗੇ ਖੇਡਦਿਆਂ ਭਾਰਤੀ ਪਾਰੀ 244 ਦੌੜਾਂ ’ਤੇ ਹੀ ਸਿਮਟ ਗਈ ਜਦਕਿ ਆਸਟਰੇਲਿਆਈ ਟੀਮ ਵੀ ਦੂਜੇ ਦਿਨ 191 ਦੌੜਾਂ ਹੀ ਬਣਾ ਸਕੀ ਤੇ ਆਲ ਆਊਟ ਹੋ ਗਈ। ਦੂਜੇ ਦਿਨ ਦੀ ਖੇਡ ਖਤਮ ਹੋਣ ਤਕ ਭਾਰਤ ਨੇ ਇਕ ਵਿਕਟ ਦੇ ਨੁਕਸਾਨ ’ਤੇ 9 ਦੌੜਾਂ ਬਣਾ ਲਈਆਂ ਸਨ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਇਕ ਵੇਲੇ ਆਸਟਰੇਲੀਆ ਦੀਆਂ 5 ਵਿਕਟਾਂ 79 ਦੌੜਾਂ ’ਤੇ ਡਿੱਗ ਗਈਆਂ ਪਰ ਮਾਰਨਸ ਲਾਬੂਸ਼ੇਨ ਤੇ ਕਪਤਾਨ ਟਿਮ ਪੇਨ ਨੇ ਸ਼ਾਨਦਾਰ ਪਾਰੀ ਖੇਡਦਿਆਂ ਟੀਮ ਨੂੰ ਮੁਸੀਬਤ ਵਿਚੋਂ ਕੱਢਿਆ। ਦੋਵਾਂ ਨੇ ਕ੍ਰਮਵਾਰ 47 ਤੇ 73 ਨਾਬਾਦ ਦੌੜਾਂ ਬਣਾਈਆਂ। ਦੂਜੇ ਪਾਸੇ ਰਵੀਚੰਦਰਨ ਅਸ਼ਵਿਨ ਨੇ ਸਪਿੰਨ ਦਾ ਜਾਦੂ ਦਿਖਾਉਂਦਿਆਂ ਆਸਟਰੇਲੀਆ ਦੇ ਚਾਰ ਬੱਲੇਬਾਜ਼ਾਂ ਨੂੰ ਆਊਟ ਕੀਤਾ।