ਲੁਧਿਆਣਾ – ਕਬੱਡੀ ਦੇ ਬਹੁਤ ਚਰਚਿਤ ਅਤੇ ਸਟਾਰ ਖਿਡਾਰੀ ਮਾਣਕ ਜੋਧਾ ਦੀ ਬੀਤੀ ਰਾਤ ਇਕ ਹਾਦਸੇ ਵਿਚ ਮੌਤ ਹੋ ਗਈ ਹੈ ਉਹ 44 ਵਰ੍ਹਿਆਂ ਦੇ ਸਨ। ਉਹ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਬੱਚੇ, ਬੇਟਾ, ਬੇਟੀ ਛੱਡ ਗਏ ਹਨ । ਮਾਣਕ ਜੋਧਾਂ ਬੀਤੀ ਰਾਤ ਜਦੋਂ ਆਪਣੇ ਘਰ ਨੂੰ ਸਕੂਟਰ ਦੇ ਉਤੇ ਪਰਤ ਰਹੇ ਸਨ ਉਨ੍ਹਾਂ ਦੇ ਸਕੂਟਰ ਦੇ ਤਿਲਕਣ ਦੇ ਨਾਲ ਉਨ੍ਹਾਂ ਦਾ ਸਿਰ ਸੜਕ ਦੇ ਉੱਤੇ ਜਾ ਵੱਜਿਆ ਜਿਸ ਨਾਲ ਉਨ੍ਹਾਂ ਦੀ ਗਰਦਨ ਟੁੱਟ ਗਈ ਅਤੇ ਉਹ ਮੌਕੇ ਤੇ ਹੀ ਪ੍ਰਾਣ ਤਿਆਗ ਗਏ । ਮਾਣਕ ਜੋਧਾਂ ਬਹੁਤ ਹੀ ਮਿਲਾਪੜੇ ,ਸਾਊ ਸੁਭਾਅ ਦੇ,ਮਿੱਠ ਬੋਲੜਾ ਅਤੇ ਕਬੱਡੀ ਨੂੰ ਸਮਰਪਤ ਸ਼ਖ਼ਸੀਅਤ ਦਾ ਮਾਲਕ ਸੀ।ਉਸ ਨੇ ਅੰਤਰਰਾਸ਼ਟਰੀ ਪੱਧਰ ਤੇ ਇੰਗਲੈਂਡ, ਕੈਨੇਡਾ ਅਮਰੀਕਾ ਆਦਿ ਮੁਲਕਾਂ ਦੇ ਵਿਚ ਆਪਣੇ ਕਬੱਡੀ ਹੁਨਰ ਦਾ ਲੋਹਾ ਮਨਵਾਇਆ ਹਰ ਪੇਂਡੂ ਖੇਡ ਮੇਲੇ ਵਿੱਚ ਉਸ ਦੇ ਕਬੱਡੀ ਟੇਲੈਂਟ ਦੀ ਧਾਕ ਹੁੰਦੀ ਸੀ ਉਨ੍ਹਾਂ ਦੀ ਬੇਵਕਤੀ ਮੌਤ ਦੀ ਖ਼ਬਰ ਖੇਡ ਜਗਤ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ। ਹਰ ਪਾਸਿਓਂ ਸ਼ੋਕ ਦੇ ਸੁਨੇਹੇ ਆ ਰਹੇ ਹਨ ।ਮਾਣਕ ਜੋਧਾ ਦਾ ਅੰਤਿਮ ਸੰਸਕਾਰ ਅੱਜ 19 ਦਸੰਬਰ ਨੂੰ ਦੁਪਹਿਰ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਜੋਧਾਂ ਵਿਖੇ ਹੋਵੇਗਾ ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ ਦੇ ਮੁੱਖ ਪ੍ਰਬੰਧਕ ਮਨਮੋਹਨ ਗਰੇਵਾਲ ਉਰਫ ਮੋਹਣਾ ਜੋਧਾਂ ਅਤੇ ਉਨ੍ਹਾਂ ਦੀ ਪ੍ਰਬੰਧਕੀ ਟੀਮ ਨੇ ਮਾਣਕ ਜੋਧਾਂ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਅਤੇ ਕਬੱਡੀ ਜਗਤ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਮੋਹਣਾਂ ਜੋਧਾਂ ਨੇ ਆਖਿਆ ਕਿ ਮਾਣਕ ਜੋਧਾਂ ਕਬੱਡੀ ਦਾ ਇੱਕ ਮਹਾਨ ਖਿਡਾਰੀ ਅਤੇ ਬਹੁਤ ਹੀ ਵਧੀਆ ਇਨਸਾਨ ਸੀ ਉਨ੍ਹਾਂ ਦੀ ਬੇਵਕਤੀ ਮੌਤ ਨਾਲ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇਸ ਤੋਂ ਇਲਾਵਾ ਕਬੱਡੀ ਫੈਡਰੇਸ਼ਨਾਂ ਦੇ ਮੁਖੀ ਸੁਰਜਨ ਚੱਠਾ ਸੁਰਿੰਦਰਪਾਲ ਸਿੰਘ ਟੋਨੀ ਕਾਲਖ ਅਤੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਜਗਦੀਪ ਸਿੰਘ ਕਾਹਲੋਂ, ਰਾਣਾ ਜੋਧਾਂ, ਤਰਨ ਜੋਧਾਂ, ਯਾਦਵਿੰਦਰ ਸਿੰਘ ਤੂਰ ਆਦਿ ਹੋਰ ਪ੍ਰਬੰਧਕਾਂ ਨੇ ਵੀ ਕਬੱਡੀ ਸਟਾਰ ਮਾਣਕ ਜੋਧਾਂ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।