ਕੈਲੀਫੋਰਨੀਆ – ਅਮਰੀਕਾ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਦੌਰਾਨ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਉਪ ਰਾਸ਼ਟਰਪਤੀ ਮਾਈਕ ਪੈਂਸ ਸ਼ੁੱਕਰਵਾਰ ਨੂੰ ਕੋਵਿਡ -19 ਵਾਇਰਸ ਦਾ ਟੀਕਾ ਲਵਾਉਣ ਦੀ ਤਿਆਰੀ ਵਿੱਚ ਹਨ, ਜਦੋਂਕਿ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੂੰ ਅਗਲੇ ਹਫਤੇ ਇਹ ਟੀਕਾ ਲਗਾਇਆ ਜਾ ਸਕਦਾ ਹੈ।ਪੈਂਸ ਦੇ ਦਫਤਰ ਅਨੁਸਾਰ ਉਪ ਰਾਸ਼ਟਰਪਤੀ ਅਤੇ ਉਹਨਾਂ ਦੀ ਪਤਨੀ ਕੈਰਨ ਪੈਂਸ ਵ੍ਹਾਈਟ ਹਾਊਸ ਵਿੱਚ ਟੀਕਾ ਲਵਾਉਣਗੇ, ਇਸਦੇ ਨਾਲ ਹੀ ਪੈਂਸ ਦੇ ਦਫਤਰ ਨੇ ਕਿਹਾ ਕਿ ਉਹ ਟੀਕੇ ਦੀ ਸੁਰੱਖਿਆ ਅਤੇ ਕਾਰਜਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਅਤੇ ਅਮਰੀਕੀ ਲੋਕਾਂ ਵਿੱਚ ਵਿਸ਼ਵਾਸ ਵਧਾਉਣ ਲਈ ਟੀਕੇ ਦੀ ਖੁਰਾਕ ਨੂੰ ਜਨਤਕ ਤੌਰ ‘ਤੇ ਲੈਣਗੇ। ਇਸ ਤੋਂ ਇਲਾਵਾ ਪੈਂਸ ਦੇ ਸਰਜਨ ਜਨਰਲ ਜੇਰੋਮ ਐਡਮਜ਼ ਵੀ ਇਸ ਮੌਕੇ ਟੀਕਾ ਪ੍ਰਾਪਤ ਕਰਨਗੇ।ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਟੀਕਾਕਰਨ ਸੰਬੰਧੀ ਉਹਨਾਂ ਦੀ ਟੀਮ ਦੇ ਬੁਲਾਰੇ ਅਨੁਸਾਰ ਉਹਨਾਂ ਨੂੰ ਅਗਲੇ ਹਫਤੇ ਦੇ ਸ਼ੁਰੂ ਵਿੱਚ ਟੀਕਾ ਲਗਾਇਆ ਜਾ ਸਕਦਾ ਹੈ।ਬਾਈਡੇਨ, ਕੋਰੋਨਾਂ ਟੀਕੇ ਨੂੰ ਜਨਤਕ ਤੌਰ ‘ਤੇ ਲੈਣ ਦਾ ਐਲਾਨ ਕਰ ਚੁੱਕੇ ਹਨ ਅਤੇ ਉਹਨਾਂ ਨੇ ਬੁੱਧਵਾਰ ਨੂੰ ਟੀਕੇ ਸੰਬੰਧੀ ਬਿਆਨ ਵਿੱਚ ਕਿਹਾ ਕਿ ਉਹ ਟੀਕਾ ਪ੍ਰਾਪਤ ਕਰਨ ਲਈ ਤਰਜੀਹ ਵਾਲੇ ਕਾਮਿਆਂ ਨੂੰ ਅੱਗੋਂ ਨਹੀਂ ਕਟਣਾ ਚਾਹੁੰਦੇ ਹਨ।ਜਦਕਿ ਟੀਕਾਕਰਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਸੇ ਯੋਜਨਾ ਦਾ ਫਿਲਹਾਲ ਐਲਾਨ ਨਹੀਂ ਕੀਤਾ ਹੈ।ਅਮਰੀਕੀ ਰਾਜਨੀਤੀ ਦੇ ਇਹਨਾਂ ਮਹਾਂਰਥੀਆਂ ਤੋਂ ਇਲਾਵਾ ਤਿੰਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜਾਰਜ ਡਬਲਯੂ ਬੁਸ਼ ਅਤੇ ਬਿਲ ਕਲਿੰਟਨ ਨੇ ਵੀ ਕਿਹਾ ਹੈ ਕਿ ਉਹ ਇਲਾਜ ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਕਰਨ ਲਈ ਜਨਤਕ ਤੌਰ ‘ਤੇ ਕੋਰੋਨਾਂ ਵਾਇਰਸ ਟੀਕਾ ਲਗਵਾਉਣ ਲਈ ਤਿਆਰ ਹਨ।