ਭਾਰਤ ਅਤੇ ਆਸਟਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ 17 ਦਸੰਬਰ ਤੋਂ ਐਡੀਲੇਡ ’ਚ ਖੇਡਿਆ ਜਾਵੇਗਾ, ਜਿੱਥੇ ਭਾਰਤੀ ਕ੍ਰਿਕਟ ਟੀਮ ਦਿਨ-ਰਾਤ ਦੇ ਮੈਚ ਵਿੱਚ ਮੇਜ਼ਬਾਨ ਟੀਮ ਦੇ ਦਬਦਬੇ ਨੂੰ ਚੁਣੌਤੀ ਦੇਵੇਗੀ। ਦੂਜੇ ਪਾਸੇ ਮੇਜ਼ਬਾਨ ਟੀਮ ਦੋ ਸਾਲ ਪਹਿਲਾਂ ਦੀ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰੇਗੀ ਹਾਲਾਂਕਿ ਉਸ ਦੇ ਕਈ ਖਿਡਾਰੀ ਸੱਟਾਂ ਦਾ ਸ਼ਿਕਾਰ ਹਨ। ਦੋਵਾਂ ਟੀਮਾਂ ਨੂੰ ਕੁਝ ਖਿਡਾਰੀਆਂ ਦੀ ਘਾਟ ਰੜਕੇਗੀ, ਜਿਨ੍ਹਾਂ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਤੇ ਆਸਟਰੇਲੀਆ ਦਾ ਬੱਲੇਬਾਜ਼ ਡੇਵਿਡ ਵਾਰਨਰ ਸ਼ਾਮਲ ਹਨ। ਇਸੇ ਦੌਰਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸਪੱਸ਼ਟ ਕੀਤਾ ਹੈ ਕਿ ਸ਼ੁਭਮਨ ਗਿੱਲ ਅਤੇ ਲੋਕੇਸ਼ ਰਾਹੁਲ ਨੂੰ ਆਪਣੇ ਮੌਕਿਆਂ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਟੀਮ ਪ੍ਰਬੰਧਨ ਨੇ ਸਲਾਮੀ ਬੱਲੇਬਾਜ਼ ਵਜੋਂ ਪ੍ਰਿਥਵੀ ਸ਼ਾਅ ਨੂੰ ਹੀ ਖਿਡਾਉਣ ਦਾ ਫ਼ੈਸਲਾ ਕੀਤਾ ਹੈ।