ਕਿਹਾ, ਆਪ ਆਗੂ ਕਾਲੇ ਖੇਤੀ ਕਾਨੂੰਨਾਂ ’ਤੇ ਕੇਂਦਰ ਨਾਲ ਮਿਲੀਭੁਗਤ ਹੋਣ ਸਬੰਧੀ ਸਟੈਂਡ ਸਪੱਸ਼ਟ ਕਰੇ
ਚੰਡੀਗੜ – ਆਮ ਆਦਮੀ ਪਾਰਟੀ (ਆਪ) ਨੂੰ ਭਾਜਪਾ ਦੀ ‘ਬੀ’ ਟੀਮ ਕਰਾਰ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਆਗੂਆਂ ਨੇ ਕਾਲੇ ਖੇਤੀ ਕਾਨੂੰਨਾਂ ’ਤੇ ਕੇਂਦਰ ਨਾਲ ਮਿਲੀਭੁਗਤ ਹੋਣ ਲਈ ਅਰਵਿੰਦ ਕੇਜਰੀਵਾਲ ਨੂੰ ਝਾੜ ਪਾਈ ਹੈ ਅਤੇ ਕਿਹਾ ਕਿ ਕੇਜਰੀਵਾਲ ਕਾਂਗਰਸ ਦੇ ਅਕਸ ਨੂੰ ਖਰਾਬ ਕਰਨ ਲਈ ਕੇਂਦਰ ਦੇ ਇਸ਼ਾਰੇ ’ਤੇ ਚੱਲ ਰਿਹਾ ਹੈ।ਕਾਂਗਰਸ ਦੇ ਸੰਸਦ ਮੈਂਬਰਾਂ ਸ੍ਰੀ ਮਨੀਸ਼ ਤਿਵਾੜੀ, ਸ੍ਰੀ ਰਵਨੀਤ ਬਿੱਟੂ ਅਤੇ ਸ੍ਰੀ ਜਸਬੀਰ ਸਿੰਘ ਡਿੰਪਾ ਨੇ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਵਿੱਚੋਂ ਦਿੱਲੀ ਵਿੱਚ ਇੱਕ ਕਾਨੂੰਨ ਲਾਗੂ ਕਰਨ ਕਰਕੇ ਕਿਸਾਨਾਂ ਨਾਲ ਧੋਖਾ ਕਰਨ ਲਈ ਕੇਜਰੀਵਾਲ ਦੀ ਨਿੰਦਾ ਕੀਤੀ।ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨੇ ਅੰਬਾਨੀਆਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਪੁਰਾਣੀਆਂ ਤਸਵੀਰਾਂ ਦੀ ਵਰਤੋਂ ਕਰਕੇ ਝੂਠੇ ਪ੍ਰਚਾਰ ਜ਼ਰੀਏ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਲਈ ਕੇਜਰੀਵਾਲ ਅਤੇ ਉਨਾਂ ਦੀ ਪਾਰਟੀ ਦੀ ਕਰੜੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਕੇਜਰੀਵਾਲ ਅਤੇ ਉਨਾਂ ਦੀ ਪਾਰਟੀ ਝੂਠਾ ਪ੍ਰਚਾਰ ਕਰਕੇ ਕਾਂਗਰਸ ਪਾਰਟੀ, ਜੋ ਪਹਿਲੇ ਦਿਨ ਤੋਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਨਾਲ ਖੜੀ ਹੈ, ਵਿਰੁੱਧ ਨਿਰਆਧਾਰ ਦੋਸ਼ ਲਾ ਰਹੇ ਹਨ।ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ‘ਆਪ’ ਲੀਡਰਸ਼ਿਪ ਮਨਘੜਤ ਕਹਾਣੀਆਂ ਅਤੇ ਝੂਠੇ ਬਿਆਨਾਂ ਦਾ ਸ਼ਰਮਨਾਕ ਢੰਗ ਨਾਲ ਸਹਾਰਾ ਲੈ ਕੇ ਨੀਵੇਂ ਪੱਧਰ ਦੀ ਸਿਆਸਤ ਕਰ ਰਹੀ ਹੈ।ਉਨਾਂ ਕਿਹਾ ਕਿ ਉਹ ਕੇਜਰੀਵਾਲ ਅਤੇ ਉਨਾਂ ਦੀ ਪਾਰਟੀ ਵੱਲੋਂ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕਿਸੇ ਵੀ ਕੀਮਤ ’ਤੇ ਆਗਿਆ ਨਹੀਂ ਦੇਣਗੇ।ਇਹ ਜ਼ਿਕਰ ਕਰਦਿਆਂ ਕਿ ਹਰ ਕੋਈ ਜਾਣਦਾ ਹੈ ਕਿ ਕੇਜਰੀਵਾਲ ਭਾਜਪਾ ਦਾ ਹੱਥਠੋਕਾ ਹੈ ਅਤੇ ਦਿੱਲੀ ਵਿਚ ਵਿਰੋਧੀ ਧਿਰ ਨੂੰ ਕਮਜ਼ੋਰ ਕਰਨ ਲਈ ਸਿਆਸਤ ਵਿੱਚ ਉਸਨੂੰ ‘ਧਰਨੇ ਦੇ ਮਾਹਰ’ ਵਜੋਂ ਜਾਣਿਆ ਜਾਂਦਾ ਹੈ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਕਾਲੇ ਖੇਤੀ ਕਾਨੂੰਨਾਂ ’ਚੋਂ 23 ਨਵੰਬਰ ਨੂੰ ਇੱਕ ਕਾਨੂੰਨ ਨੋਟੀਫਾਈ ਕਰਨ ਦੀ ਕਾਰਵਾਈ ਤੋਂ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਆਪ ਦੇ ਘਟੀਆ ਮਨਸੂਬੇ ਜੱਗ ਜ਼ਾਹਰ ਹੋਏ ਹਨ।ਆਪ ਵੱਲੋਂ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਪਲਟੀ ਮਾਰਨ ਦਾ ਜ਼ਿਕਰ ਕਰਦਿਆਂ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਪਹਿਲਾਂ ਤਾਂ ਉਹਨਾਂ ਨੇ ਵਿਧਾਨ ਸਭਾ ਵਿਚ ਇਹ ਕਾਨੂੰਨ ਰੱਦ ਕਰਨ ਲਈ ਮੁੱਖ ਮੰਤਰੀ ਦੇ ਕਦਮ ਦੀ ਹਮਾਇਤ ਕੀਤੀ ਜਦਕਿ ਦੂਜੇ ਪਾਸੇ ਦਿੱਲੀ ਵਿਚ ਕੇਜਰੀਵਾਲ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦੇਣ ਨਾਲ ਇਨਾਂ ਦਾ ਦੋਗਲਾ ਚਿਹਰਾ ਬੇ-ਨਕਾਬ ਹੋ ਗਿਆ ਅਤੇ ਇਹ ਵੀ ਸਿੱਧ ਹੋ ਗਿਆ ਕਿ ਦਿੱਲੀ ਦਾ ਮੁੱਖ ਮੰਤਰੀ ਕੇਂਦਰ ਦਾ ਜੀ-ਹਜ਼ੂਰੀਆ ਹੋਣ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ।ਇਹ ਜ਼ਿਕਰ ਕਰਦਿਆਂ ਕਿ ਦਿੱਲੀ ਵਿਚ ਆਪ ਸਰਕਾਰ ਵੱਲੋਂ ਅੰਬਾਨੀ ਦੀ ਕੰਪਨੀ ਦੇ ਕੰਮਾਂ ਦੇ ਸੋਹਲੇ ਗਾਏ ਜਾ ਰਹੇ ਹਨ, ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਦਾ ਅਡਾਨੀ ਪਾਵਰ ਨਾਲ ਕਿਸੇ ਤਰਾਂ ਦੇ ਸਮਝੌਤੇ ਬਾਰੇ ਕੇਜਰੀਵਾਲ ਦੀ ਪਾਰਟੀ ਦੇ ਬੇ-ਬੁਨਿਆਦ ਤੇ ਕੋਰੇ ਝੂਠੇ ਦਾਅਵਿਆਂ ਤੋਂ ਖੁਦ-ਬ-ਖੁਦ ਪਰਦਾ ਉਠ ਗਿਆ ਹੈ। ਉਨਾਂ ਕਿਹਾ ਕਿ ਸਾਰਾ ਪੰਜਾਬ ਜਾਣ ਚੁੱਕਾ ਹੈ ਕਿ ਕੇਜਰੀਵਾਲ ਕੂੜ ਪ੍ਰਚਾਰ ਦੀ ਸਿਆਸਤ ਕਰਦਾ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਦੀਆਂ ਧੋਖੇਬਾਜ਼ੀਆਂ ਨੇ ਆਮ ਆਦਮੀ ਪਾਰਟੀ ਦੇ ਕਿਸਾਨਾਂ ਦੇ ਇਕਜੁੱਟਤਾ ਪ੍ਰਗਟਾਉਣ ਦੇ ਖੇਖਣਾਂ ਦਾ ਪਾਜ ਉਧੇੜ ਕੇ ਰੱਖ ਦਿੱਤਾ ਕਿਉਂ ਜੋ ਅਸਲ ਵਿਚ ਇਹ ਪਾਰਟੀ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਣ ਵਿਚ ਲੱਗੀ ਹੋਈ ਹੈ।