ਚੰਡੀਗੜ – ਆਪਣੀਆਂ ਵਿੱਤੀ ਦੇਣਦਾਰੀਆਂ ਨੂੰ ਸੁਚਾਰੂ ਬਣਾਉਣ ਲਈ, ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (ਪੀ.ਐਸ.ਆਈ.ਡੀ.ਸੀ.) ਵਲੋਂ ਵਿੱਤ ਵਿਭਾਗ ਨੂੰ ਬਜਟ ਦੀਆਂ ਵਿਵਸਥਾਵਾਂ ਜਾਰੀ ਕਰਨ ਲਈ ਬੇਨਤੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਅੱਜ ਪੀ.ਐਸ.ਆਈ.ਡੀ.ਸੀ. ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਬੋਰਡ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਹੋਈ।ਮੀਟਿੰਗ ਦੌਰਾਨ ਮੈਨੇਜਿੰਗ ਡਾਇਰੈਕਟਰ ਸ੍ਰੀ ਸਿਬਨ ਸੀ, ਡਾਇਰੈਕਟਰ ਸ੍ਰੀ ਸ਼ਵਿੰਦਰ ਉੱਪਲ, ਡਾਇਰੈਕਟਰ ਸ੍ਰੀ ਰਾਜੇਸ਼ ਘਾਰੂ, ਡਇਰੈਕਟਰ ਸ੍ਰੀ ਬਲਵਿੰਦਰ ਸਿੰਘ ਜੰਡੂ, ਵਿਸ਼ੇਸ਼ ਮਹਿਮਾਨ ਸ੍ਰੀਮਤੀ ਸ਼ਮਸੇਰ ਕੌਰ, ਸ੍ਰੀਮਤੀ ਗੁਰਲੀਨ ਕਪੂਰ ਤੇ ਜਨਰਲ ਮੈਨੇਜਰ ਸ੍ਰੀ ਐਸ.ਕੇ. ਸਿੰਗਲਾਂ ਅਤੇ ਕੰਪਨੀ ਸਕੱਤਰ ਸ੍ਰੀਮਤੀ ਰਜਨੀ ਜਿੰਦਲ ਸ਼ਾਮਲ ਸਨ। ਸ੍ਰੀ ਬਾਵਾ ਨੇ ਕਿਹਾ ਕਿ ਮੀਟਿੰਗ ਦੌਰਾਨ ਬਾਂਡਾ ਧਾਰਕਾਂ ਨੂੰ ਅਦਾਇਗੀ ਕਰਨ ਸਬੰਧੀ ਵਿੱਤੀ ਵਿਭਾਗ ਤੋਂ ਬਜਟ ਦੀ ਮੰਗ ਕਰਨ ਦਾ ਫੈਸਲਾ ਲਿਆ ਗਿਆ ਅਤੇ ਬਾਂਡਾ ਧਾਰਕਾਂ ਨੂੰ ਬਾਂਡਾ ਦੀ ਅਦਾਇਗੀ ਸਮੇਂ ਸਿਰ ਕਰਨ ਸਬੰਧੀ ਬਜਟ ਵਿੱਚ ਵਿਵਸਥਾ ਬਣਾਉਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਤਾਂ ਜੋ ਸੂਬੇ ਵਿੱਚ ਉਦਯੋਗ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾ ਸਕੇ।ਮੀਟਿੰਗ ਵਿੱਚ ਦੱਸਿਆ ਗਿਆ ਕਿ ਪੀ.ਐਸ.ਆਈ.ਡੀ.ਸੀ. ਨੇ ਸਾਲ 2020-21 ਵਿੱਚ 31.11.2020 ਤੱਕ, ਬਾਂਡ ਧਾਰਕਾਂ ਨੂੰ 16.17 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਜਿਸ ਨਾਲ 9.79 ਕਰੋੜ ਰੁਪਏ ਦਾ ਵਿਆਜ਼ ਬਚਾ ਲਿਆ ਗਿਆ। ਇਸ ਤੋਂ ਇਲਾਵਾ ਕਾਰਪੋਰੇਸ਼ਨ ਵਲੋਂ ਕੰਪਨੀਆਂ ਅਤੇ ਪੀਏਸੀਐਲ ਦੇ ਲੋਨ/ਸ਼ੇਅਰਾਂ ਤੋਂ 56.04 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ।