ਸਿਡਨੀ – ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਿਕਸਿਤ ਕੀਤੇ ਜਾ ਰਹੇ ਇਕ ਟੀਕੇ ਦਾ ਕਲੀਨਕ ਪ੍ਰੀਖਣ ਬੰਦ ਕਰ ਦਿੱਤਾ ਗਿਆ ਹੈ| ਪ੍ਰੀਖਣ ਵਿਚ ਹਿੱਸਾ ਲੈਣ ਵਾਲੇ ਵਿਅਕਤੀਆਂ ਦੀ ਜਾਂਚ ਵਿਚ ਐਚ. ਆਈ.ਵੀ. ਵਾਇਰਸ ਦਿਖਾਈ ਦੇ ਰਹੇ ਸਨ ਜਦਕਿ ਉਹ ਅਸਲ ਵਿਚ ਵਾਇਰਸ ਨਾਲ ਪੀੜਤ ਨਹੀਂ ਸਨ| ਕੁਈਨਜ਼ਲੈਂਡ ਯੂਨੀਵਰਸਿਟੀ ਅਤੇ ਬਾਇਓਟੈਕ ਕੰਪਨੀ ਸੀ. ਐਸ. ਐਲ. ਵਲੋਂ ਵਿਕਸਿਤ ਕੀਤੇ ਜਾ ਰਹੇ ਕੋਵਿਡ-19 ਟੀਕੇ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ| ਸੀ. ਐਸ. ਐਲ. ਨੇ ਆਸਟ੍ਰੇਲੀਆ ਦੇ ਸ਼ੇਅਰ ਬਾਜ਼ਾਰ ਨੂੰ ਇਕ ਬਿਆਨ ਵਿਚ ਇਸ ਬਾਰੇ ਦੱਸਿਆ ਤੇ ਕਿਹਾ ਕਿ ਕਲੀਨਿਕ ਪ੍ਰੀਖਣ ਰੋਕ ਦਿੱਤਾ ਜਾਵੇਗਾ|ਆਸਟ੍ਰੇਲੀਆ ਨੇ ਟੀਕੇ ਦੀਆਂ 5.1 ਕਰੋੜ ਖੁਰਾਕਾਂ ਖਰੀਦਣ ਲਈ ਚਾਰ ਟੀਕਾ ਨਿਰਮਾਤਾਵਾਂ ਨਾਲ ਕਰਾਰ ਕੀਤਾ ਹੈ| ਇਹ ਕੰਪਨੀ ਵੀ ਉਸ ਵਿਚ ਸ਼ਾਮਿਲ ਸੀ| ਸੀ. ਐਲ. ਐਸ. ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰੀਖਣ ਵਿਚ ਹਿੱਸਾ ਲੈਣ ਵਾਲੇ 216 ਵਿਅਕਤੀਆਂ ਵਿਚੋਂ ਕੋਈ ਵੀ ਗੰਭੀਰ ਬੀਮਾਰ ਨਹੀਂ ਮਿਲਿਆ ਪਰ ਸਿਹਤ ਸੁਰੱਖਿਆ ਕਾਰਨ ਇਸ ਟੀਕੇ ਵਿਚ ਹੋਰ ਸੁਧਾਰ ਕੀਤੇ ਗਏ ਸਨ| ਹਾਲਾਂਕਿ ਪ੍ਰੀਖਣ ਦੇ ਨਤੀਜੇ ਤੋਂ ਪਤਾ ਲੱਗਦਾ ਹੈ ਕਿ ਟੀਕੇ ਨਾਲ ਬਣੀ ਐਂਟੀਬਾਡੀ ਕਾਰਨ ਲੋਕਾਂ ਵਿਚ ਐਚ. ਆਈ. ਵੀ. ਦੇ ਇੰਨਫੈਕਸ਼ਨ ਦੇ ਗਲਤ ਨਤੀਜੇ ਆਉਣ ਲੱਗੇ ਹਨ| ਕੰਪਨੀ ਨੇ ਕਿਹਾ ਕਿ ਜੇਕਰ ਰਾਸ਼ਟਰੀ ਪੱਧਰ ਤੇ ਟੀਕੇ ਦੀ ਵਰਤੋਂ ਹੁੰਦੀ ਹੈ ਤਾਂ ਭਾਈਚਾਰੇ ਵਿਚਕਾਰ ਐਚ.ਆਈ.ਵੀ. ਵਾਇਰਸ ਦੇ ਨਤੀਜਿਆਂ ਕਾਰਨ ਲੋਕਾਂ ਦੀ ਸਿਹਤ ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ|