ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਣਗੇ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ-ਬੀਬੀ ਜਗੀਰ ਕੌਰ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਸਮਾਗਮ ਕਰਵਾਏ ਜਾਣਗੇ। ਇਹ ਸਮਾਗਮ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਣਗੇ। ਸਮਾਗਮਾਂ ਦੀ ਰੂਪ-ਰੇਖਾ ਸਬੰਧੀ ਵਿਚਾਰ ਵਿਟਾਂਦਰਾਂ ਕਰਨ ਲਈ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਜੀ ਦੀ ਚੌਥੀ ਪ੍ਰਕਾਸ਼ ਸ਼ਤਾਬਦੀ ਸਮੁੱਚੇ ਸਿੱਖ ਜਗਤ ਦੇ ਸਹਿਯੋਗ ਨਾਲ ਮਨਾਈ ਜਾਵੇਗੀ ਅਤੇ ਇਸ ਨੂੰ ਸਮਰਪਿਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਮਾਗਮ ਕੀਤੇ ਜਾਣਗੇ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸਮਾਗਮਾਂ ਸਬੰਧੀ ਵਿਚਾਰ-ਵਟਾਂਦਰਾਂ ਕੀਤਾ ਗਿਆ ਹੈ। ਮੁੱਢਲੇ ਤੌਰ ’ਤੇ ਗੁਰੂ ਸਾਹਿਬ ਨਾਲ ਸਬੰਧਤ ਪੰਜਾਬ ਵਿਚਲੇ ਅਸਥਾਨਾਂ ਦੇ ਨਾਲ-ਨਾਲ ਦਿੱਲੀ, ਆਗਰਾ, ਬੰਗਲਾ ਦੇਸ਼, ਪਟਨਾ ਸਾਹਿਬ, ਆਸਾਮ ਆਦਿ ਥਾਵਾਂ ’ਤੇ ਸਮਾਗਮ ਕਰਨ ਦਾ ਵਿਚਾਰ ਹੈ। ਇਸ ਤੋਂ ਇਲਾਵਾ ਹੋਰਨਾਂ ਥਾਵਾਂ ਬਾਰੇ ਵੀ ਵਿਉਂਤਬੰਦੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸੌ ਸਾਲਾ ਸ਼ਤਾਬਦੀ ਦਿਹਾੜੇ ਨੂੰ ਵੀ ਵਿਸ਼ੇਸ਼ ਤੌਰ ’ਤੇ ਮਨਾਇਆ ਜਾਵੇਗਾ। ਸਿੱਖ ਕੌਮ ਦੇ ਇਤਿਹਾਸ ਅੰਦਰ ਸਾਕੇ, ਮੋਰਚੇ ਅਤੇ ਸੰਘਰਸ਼ ਵੱਡਾ ਮਹੱਤਵ ਰੱਖਦੇ ਹਨ, ਜਿਨ੍ਹਾਂ ਵਿਚ ਸ੍ਰੀ ਨਨਕਾਣਾ ਸਾਹਿਬ ਦਾ ਸਾਕਾ ਸਿੱਖ ਸ਼ਕਤੀ ਨੂੰ ਸੰਗਠਤ ਕਰਨ ਅਤੇ ਗੁਰਧਾਮਾਂ ਨੂੰ ਕੁਕਰਮੀ ਮਹੰਤਾਂ ਤੋਂ ਛੁਡਾਉਣ ਲਈ ਅਹਿਮ ਸਾਬਤ ਹੋਇਆ। ਉਨ੍ਹਾਂ ਦੱਸਿਆ ਕਿ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਬਾਰੇ ਸਮਾਗਮ ਕਰਵਾਉਣ ਦੇ ਨਾਲ-ਨਾਲ ਇਤਿਹਾਸਕ ਦਸਤਾਵੇਜ਼ ਵੀ ਤਿਆਰ ਕੀਤੇ ਜਾਣਗੇ।