ਪੁਣੇ – ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਸਮਾਜਿਕ ਵਰਕਰ ਅੰਨਾ ਹਜ਼ਾਰੇ ਅੱਜ ਇਕ ਦਿਨ ਦੀ ਭੁੱਖ ਹੜਤਾਲ ਦੇ ਬੈਠ ਗਏ ਹਨ| ਅੰਨਾ ਹਜ਼ਾਰੇ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਰਾਲੇਗਣ ਸਿੱਧੀ ਪਿੰਡ ਵਿੱਚ ਭੁੱਖ ਹੜਤਾਲ ਤੇ ਬੈਠੇ ਹਨ| ਅੰਨਾ ਹਜ਼ਾਰੇ ਨੇ ਕਿਹਾ ਕਿ ਦੇਸ਼ ਵਿਚ ਅੰਦੋਲਨ ਹੋਣਾ ਚਾਹੀਦਾ ਹੈ ਤਾਂ ਕਿ ਸਰਕਾਰ ਤੇ ਦਬਾਅ ਬਣ ਸਕੇ ਅਤੇ ਉਹ ਕਿਸਾਨਾਂ ਦੇ ਹਿੱਤ ਵਿੱਚ ਕਦਮ ਚੁੱਕੇ| ਉਹਨਾਂ ਨੇ ਇਕ ਸੰਦੇਸ਼ ਵਿੱਚ ਕਿਹਾ ਕਿ ਮੈਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਦਿੱਲੀ ਵਿੱਚ ਜੋ ਅੰਦੋਲਨ ਚੱਲ ਰਿਹਾ ਹੈ, ਉਹ ਪੂਰੇ ਦੇਸ਼ ਵਿਚ ਚੱਲਣਾ ਚਾਹੀਦਾ ਹੈ| ਸਰਕਾਰ ਤੇ ਦਬਾਅ ਬਣਾਉਣ ਲਈ ਅਜਿਹੀ ਸਥਿਤੀ ਬਣਾਉਣ ਦੀ ਲੋੜ ਹੈ ਅਤੇ ਇਸ ਲਈ ਕਿਸਾਨਾਂ ਨੂੰ ਸੜਕਾਂ ਤੇ ਉਤਰਨਾ ਪਵੇਗਾ ਪਰ ਕੋਈ ਹਿੰਸਾ ਨਾ ਕਰੇ| ਉਹਨਾਂ ਕਿਹਾ ਕਿ ਕਿਸਾਨਾਂ ਲਈ ਸੜਕਾਂ ਤੇ ਆ ਕੇ ਆਪਣਾ ਮੁੱਦਾ ਹੱਲ ਕਰਵਾਉਣ ਦਾ ਇਹ ਸਹੀ ਸਮਾਂ ਹੈ| ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਇਸ ਮੁੱਦੇ ਦਾ ਸਮਰਥਨ ਕੀਤਾ ਹੈ ਅਤੇ ਅੱਗੇ ਵੀ ਕਰਦਾ ਰਹਾਂਗਾ| ਉਹਨਾਂ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ (ਸੀ. ਏ. ਸੀ. ਪੀ.) ਨੂੰ ਖ਼ੁਦਮੁਖਤਿਆਰੀ ਦੇਣ ਅਤੇ ਐਮ. ਐਸ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ ਹੈ| ਉਨ੍ਹਾਂ ਕਿਹਾ ਕਿ ਸਰਕਾਰ ਸਿਰਫ ਭਰੋਸਾ ਦਿੰਦੀ ਹੈ, ਕਦੇ ਮੰਗਾਂ ਨੂੰ ਪੂਰਾ ਨਹੀਂ ਕਰਦੀ|