ਚੰਡੀਗੜ – ਪੰਜਾਬ ਵਿਜੀਲੈਂਸ ਬਿਊਰੋ ਨੇ ਕਰੋੜਾਂ ਰੁਪਏ ਦੇ ਸਰਕਾਰੀ ਫੰਡਾਂ ਵਿੱਚ ਹੇਰਾ-ਫੇਰੀ ਕਰਨ ਦੇ ਦੋਸ਼ ਹੇਠ ਪੰਜਾਬ ਕਿਰਤ ਭਲਾਈ ਬੋਰਡ ਦੇ ਦੋ ਸਾਬਕਾ ਅਧਿਕਾਰੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਜਾਂਚ ਦੇ ਅਧਾਰ ‘ਤੇ ਕਿਰਤ ਭਲਾਈ ਬੋਰਡ ਦੇ ਸਾਬਕਾ ਉੱਪ ਭਲਾਈ ਕਮਿਸ਼ਨਰ ਸੁੱਚਾ ਸਿੰਘ ਬਾਂਡੀ, ਅਤੇ ਸਾਬਕਾ ਡਿਪਟੀ ਕੰਟਰੋਲਰ ਵਿੱਤ ਅਤੇ ਲੇਖਾ (ਡੀ.ਸੀ.ਐਫ.ਏ) ਜਗਦੀਪ ਸਿੰਘ ਸੈਣੀ ਨੂੰ ਗਬਨ ਕਰਨ ਅਤੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਲਈ ਗਿ੍ਰਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸੇ ਕੇਸ ਵਿੱਚ ਬੋਰਡ ਦੀ ਲੇਖਾ ਸਹਾਇਕ ਹਿਨਾ ਨੂੰ ਵਿਜੀਲੈਂਸ ਬਿਊਰੋ ਪਹਿਲਾਂ ਹੀ ਗਿ੍ਰਫਤਾਰ ਕਰ ਚੁੱਕੀ ਹੈ। ਉਹਨਾਂ ਅੱਗੇ ਦੱਸਿਆ ਕਿ ਹਿਨਾ ਨੇ ਇਹਨਾਂ ਦੋਵਾਂ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਨਾਲ ਇੰਟਰਨੈੱਟ ਬੈਕਿੰਗ ਰਾਹੀਂ ਸਰਕਾਰੀ ਖਜ਼ਾਨੇ ਨੂੰ 1,56,91,063 ਕਰੋੜ ਰੁਪਏ ਦਾ ਭਾਰੀ ਨੁਕਸਾਨ ਪਹੰਚਾਇਆ ਹੈ।ਮਾਨਵ ਐਨਕਲੇਵ ਖਰੜ ਦੀ ਵਸਨੀਕ ਹਿਨਾ ਨੇ ਇਹ ਸਾਰਾ ਪੈਸਾ ਇੰਟਰਨੈਟ ਬੈਂਕਿੰਗ ਰਾਹੀਂ ਆਪਣੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਤਬਦੀਲ ਕਰ ਦਿੱਤਾ ਸੀ। ਉਸਨੇ ਇਹ ਪੈਸਾ 172 ਵੱਖ-ਵੱਖ ਟ੍ਰਾਂਜੈਕਸ਼ਨਾਂ ਰਾਹੀਂ ਮਲਟੀਪਲ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ। ਜਾਂਚ ਤੋਂ ਬਾਅਦ ਇਹ ਪਤਾ ਲੱਗਿਆ ਕਿ ਸੁੱਚਾ ਸਿੰਘ ਬਾਂਡੀ ਅਤੇ ਜਗਦੀਪ ਸਿੰਘ ਸੈਣੀ ਨੇ ਕਦੇ ਵੀ ਬੈਂਕ ਲੈਣ-ਦੇਣ ਨਾਲ ਕੈਸ਼ ਬੁੱਕ ਦਾ ਮਿਲਾਨ ਨਹੀਂ ਕੀਤਾ। ਇਹ ਪਾਇਆ ਗਿਆ ਕਿ ਇਹ ਦੋਵੇਂ ਅਧਿਕਾਰੀ ਸਰਕਾਰੀ ਫੰਡਾਂ ਦੀ ਹੇਰਾ-ਫੇਰੀ ਵਿਚ ਸ਼ਾਮਲ ਸਨ।ਇਸ ਸਬੰਧ ਵਿੱਚ ਬਿਊਰੋ ਵੱਲੋਂ ਪਹਿਲਾਂ ਹੀ ਥਾਣਾ ਖਰੜ, ਐਸ.ਏ.ਐਸ.ਨਗਰ ਵਿਖੇ ਆਈ.ਪੀ.ਸੀ ਦੀ ਧਾਰਾ 409, 420, 465, 467, 468, 471, ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।