ਮਾਲੇਰਕੋਟਲਾ, 27 ਅਕਤੂਬਰ, 2023:ਗੁਰ ਸਾਹਿਬਾਨ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਵਾਲੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਪਰਿਵਾਰ ਦੀ ਆਖਰੀ ਬੇਗਮ ਮੁਨਵਰ ਨਿਸ਼ਾ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ।ਉਹਨਾਂ ਦਾ ਅੱਜ ਇੰਤਕਾਲ ( ਦੇਹਾਂਤ ) ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਕਈ ਦਿਨ ਤੋਂ ਤਬੀਅਤ ਖਰਾਬ ਹੋਣ ਦੇ ਚਲਦਿਆਂ ਅੱਜ ਹਜ਼ਰਤ ਹਲੀਮਾ ਹਸਪਤਾਲ ਆਖਰੀ ਸਾਹ ਲਏ। ਦੱਸਣਾ ਬਣਦਾ ਹੈ ਕਿ ਬੇਗਮ ਮੁਨੱਬਰ ਨਿਸ਼ਾ ਦੀ ਉਮਰ 100 ਸਾਲ ਤੋਂ ਉੱਪਰ ਸੀ ਤੇ ਰਾਜਸਥਾਨ ਦੀ ਟਾਂਕ ਰਿਆਸਤ ਨਾਲ ਸੰਬੰਧਿਤ ਸਨ ਅਤੇ ਮਾਲੇਰਕੋਟਲਾ ਵਿਖੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਆਖਰੀ ਨਵਾਬ ਇਫਤਖਾਰ ਅਲੀ ਖਾਨ ਦੀ ਪਤਨੀ ਬਣ ਕੇ ਮਲੇਰਕੋਟਲਾ ਵਿਖੇ ਆਏ ਸਨ। ਉਹਨਾਂ ਦੇ ਇੰਤਕਾਲ ਤੋਂ ਬਾਅਦ ਮਲੇਰਕੋਟਲਾ ਦਾ ਨਵਾਬੀ ਖਾਨਦਾਨ ਖਤਮ ਹੋ ਗਿਆ । ਉਹਨਾਂ ਦੀ ਸੇਵਾ ਸੰਭਾਲ ਕਰ ਰਹੇ ਜਨਾਬ ਮੁਹੰਮਦ ਮਹਿਮੂਦ ਨੇ ਦੱਸਿਆ ਕਿ ਪਿਛਲੇ ਇੱਕ ਹਫਤੇ ਤੋਂ ਬੇਗਮ ਇਨਫੈਕਸ਼ਨ ਅਤੇ ਵਾਇਰਲ ਨਾਲ ਪੀੜਤ ਸਨ ਜਿਨਾਂ ਨੂੰ ਇਸ ਬਿਮਾਰੀ ਦੇ ਚਲਦਿਆਂ ਹਜ਼ਰਤ ਹਲੀਮਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਅੱਜ ਸਵੇਰੇ ਤੜਕੇ 4 ਵਜੇ ਉਹਨਾਂ ਆਖਰੀ ਸਾਹ ਲਏ। ਉਹਨਾਂ ਨੂੰ ਸਪੁਰਦੇ ਖਾਕ ਅੱਜ ਜੁਮਾਰਤੁਲਾ ਮੁਬਾਰਕ ਦੀ ਨਮਾਜ਼ ਤੋਂ ਬਾਅਦ 3 ਵਜੇ ਕੀਤਾ ਜਾਵੇਗਾ।
ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਵੱਲੋਂ ਕੀਤੀ ਛੋਟੇ ਸਾਹਿਬਜ਼ਾਦਿਆਂ ਤੇ ਕੀਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੀ ਜਿਸ ਕਰਕੇ ਇਹ ਨਵਾਬ ਦੀ ਵੰਸ਼ ਅਤੇ ਮਲੇਰਕੋਟਲੇ ਦੇ ਮੁਸਲਿਮ ਲੋਕ ਹਮੇਸ਼ਾ ਸਿੱਖਾਂ ਲਈ ਸਤਿਕਾਰ ਦਾ ਪਾਤਰ ਬਣੇ ਰਹੇ .