ਸਿਡਨੀ – ਆਸਟਰੇਲੀਆ ਨੇ ਭਾਰਤ ਨੂੰ ਦੂਜੇ ਇਕ ਦਿਨਾ ਮੈਚ ਵਿਚ 51 ਦੌੜਾਂ ਨਾਲ ਹਰਾ ਦਿੱਤਾ ਹੈ ਜਿਸ ਨਾਲ ਉਸ ਨੇ ਤਿੰਨ ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ ਹੈ। ਆਸਟਰੇਲੀਆ ਵਲੋਂ ਸਟੀਵ ਸਮਿੱਥ ਨੇ ਲਗਾਤਾਰ ਦੂਜੇ ਮੈਚ ਵਿਚ ਸੈਂਕੜਾ ਜੜਿਆ ਤੇ ਮੇਜ਼ਬਾਨ ਟੀਮ ਦੀ ਜਿੱਤ ਦਾ ਆਧਾਰ ਬਣਾਇਆ। ਆਸਟਰੇਲੀਆ ਨੇ ਚਾਰ ਵਿਕਟਾਂ ਦੇ ਨੁਕਸਾਨ ’ਤੇ 389 ਦੌੜਾਂ ਬਣਾਈਆਂ। ਆਸਟਰੇਲੀਆ ਦਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਸੱਟ ਲੱਗਣ ਕਾਰਨ ਮੈਚਾਂ ਤੋਂ ਬਾਹਰ ਹੋ ਗਿਆ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 77 ਗੇਂਦਾਂ ਵਿਚ 83 ਦੌੜਾਂ ਬਣਾਈਆਂ ਤੇ ਆਸਟਰੇਲੀਆ ਦੀ ਪਹਿਲੀ ਵਿਕਟ 142 ਦੌੜਾਂ ’ਤੇ ਡਿੱਗੀ। ਇਸ ਦੇ ਨਾਲ ਹੀ ਕਪਤਾਨ ਐਰੋਨ ਫਿੰਚ ਨੇ 60 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਪਿਛਲੇ ਮੈਚ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਟੀਵ ਸਮਿੱਥ ਨੇ 104 ਦੌੜਾਂ ਬਣਾਈਆਂ। ਹਾਰਦਿਕ ਪੰਡਿਆ ਨੇ ਲੰਬੇ ਅਰਸੇ ਬਾਅਦ ਗੇਂਦਬਾਜ਼ੀ ਕੀਤੀ। ਆਸਟਰੇਲੀਆ ਵਲੋਂ ਗਲੈਨ ਮੈਕਸਵੈਲ ਨੇ 29 ਗੇਂਦਾਂ ਵਿਚ ਧੂੰਆਂਧਾਰ ਪਾਰੀ ਖੇਡ ਕੇ 63 ਦੌੜਾਂ ਬਣਾਈਆਂ। ਆਸਟਰੇਲੀਆ ਨੇ ਭਾਰਤ ਸਾਹਮਣੇ 390 ਦੌੜਾਂ ਦਾ ਟੀਚਾ ਰੱਖਿਆ। ਜਦਕਿ ਭਾਰਤ ਵਲੋਂ ਸ਼ਿਖਰ ਧਵਨ ਨੇ 30 ਤੇ ਮਿਅੰਕ ਅਗਰਵਾਲ ਨੇ 28 ਦੌੜਾਂ ਬਣਾਈਆਂ ਤੇ ਕੋਹਲੀ ਤੇ ਕੁਮਾਰ ਰਾਹੁਲ ਤੋਂ ਬਿਨਾਂ ਕੋਈ ਵੀ ਭਾਰਤੀ ਬੱਲੇਬਾਜ਼ ਵਧੀਆ ਸਕੋਰ ਨਹੀਂ ਬਣਾ ਸਕਿਆ। ਭਾਰਤੀ ਬੱਲੇਬਾਜ਼ ਤੇਜ਼ੀ ਨਾਲ ਦੌੜਾਂ ਬਣਾਉਣ ਦੇ ਚੱਕਰ ਵਿਚ ਵਿਕਟਾਂ ਗੁਆਉਂਦੇ ਰਹੇ। ਤੇਜ਼ ਗੇਂਦਬਾਜ਼ ਹੇਜ਼ਲਵੁਡ ਨੇ ਕੋਹਲੀ ਦਾ ਵਿਕਟ ਹਾਸਲ ਕਰ ਕੇ ਆਸਟਰੇਲੀਆ ਨੂੰ ਵੱਡੀ ਸਫਲਤਾ ਦਿਵਾਈ। ਕੋਹਲੀ ਨੇ 89 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਕੁਮਾਰ ਰਾਹੁਲ ਨੇ ਵੀ 76 ਦੌੜਾਂ ਬਣਾਈਆਂ। ਭਾਰਤ ਦੇ ਖਿਡਾਰੀ 50 ਓਵਰਾਂ ਵਿਚ 9 ਵਿਕਟਾਂ ਗੁਆ ਕੇ 338 ਦੌੜਾਂ ਹੀ ਬਣਾ ਸਕੇ।