ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੂਬੇ ਵਿਚ ਬਾਜਰਾ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨਾਂ ਦੇ ਬਾਜਰੇ ਦੀ ਫਸਲ ਦਾ ਦਾਨਾ-ਦਾਨਾ ਖਰੀਦਣ ਲਈ ਵਚਨਬੱਧ ਹੈ| ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਆਪਣੇ ਜਿਲਾ ਦੇ ਬਾਜਰਾ ਉਤਪਾਦਕ ਕਿਸਾਨਾਂ ਵੱਲੋਂ ਕੀਤੀ ਗਈ ਬਾਜਰਾ ਦੀ ਬਿਜਾਈ ਆਦਿ ਦਾ ਸਰਵੇਖਣ ਕਰਵਾ ਕੇ ਪੁਸ਼ਟੀ ਕਰਨ ਤੋਂ ਬਾਅਦ ਹੀ ਖਰੀਦਣ ਦਾ ਪੁਖਤਾ ਇੰਤਜਾਮ ਕਰਨਗੇ|ਸ੍ਰੀ ਮਨੋਹਰ ਲਾਲ ਅੱਜ ਗੁਰੂਗ੍ਰਾਮ ਵਿਚ ਜਿਲਾ ਲੋਕ ਸੰਪਰਕ ਤੇ ਸ਼ਿਕਾਇਤ ਹਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ|ਉਨਾਂ ਦਸਿਆ ਕਿ ਹਰਿਆਣਾ ਦੀ ਅਨਾਜ ਮੰਡੀਆਂ ਵਿਚ ਬਾਜਰਾ 2150 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਖਰੀਦਿਆ ਜਾ ਰਿਹਾ ਹੈ, ਜਦੋਂ ਕਿ ਗੁਆਂਢੀ ਰਾਜ ਰਾਜਸਥਾਨ ਵਿਚ 1300 ਰੁਪਏ ਦੀ ਕੀਮਤ ‘ਤੇ ਬਾਜਰਾ ਬਹੁਤ ਸਸਤਾ ਵਿਕ ਰਿਹਾ ਹੈ| ਇਸ ਲਈ ਉੱਥੇ ਤੋਂ ਬਾਜਰਾ ਲਿਆ ਕੇ ਹਰਿਆਣਾ ਵਿਚ ਕਿਸਾਨਾਂ ਦਾ ਬਾਜਰਾ ਦਸ ਕੇ ਵੇਚਣ ਦੀ ਸ਼ਿਕਾਇਤਾਂ ਮਿਲ ਰਹੀ ਹੈ| ਉਨਾਂ ਕਿਹਾ ਕਿ ਗੁਆਂਢੀ ਸੂਬੇ ਦਾ ਬਾਜਰਾ ਇੱਥੇ ਵਿਕਣ ਨਹੀਂ ਦਿੱਤਾ ਜਾਵੇਗਾ, ਲੇਕਿਨ ਸੂਬਾ ਸਰਕਾਰ ਆਪਣੇ ਹਰਿਆਣਾ ਦੇ ਬਾਜਰਾ ਕਿਸਾਨਾਂ ਦਾ ਬਾਜਰਾ ਖਰੀਦਣ ਲਈ ਵਚਨਬੱਧ ਹੈ| ਇਸ ਬਾਰੇ ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋਂੜ ਨਹੀਂ ਹੈ|ਮੁੱਖ ਮੰਤਰੀ ਨੇ ਦਸਿਆ ਕਿ ਪਿਛਲੇ ਸਾਲ ਹਰਿਆਣਾ ਵਿਚ 3 ਲੱਖ ਮੀਟ੍ਰਿਕ ਟਨ ਬਾਜਰਾ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਗਈ ਸੀ| ਇਸ ਵਾਰ ਹੁਣ ਤਕ 7 ਲੱਖ ਮੀਟ੍ਰਿਕ ਟਨ ਬਾਜਰੇ ਦੀ ਖਰੀਦ ਕੀਤੀ ਜਾ ਚੁੱਕੀ ਹੈ| ਉਨਾਂ ਕਿਹਾ ਕਿ ਪਹਿਲਾਂ ਕਿਸਾਨ ਆਪਣੇ ਘਰ ਵਰਤੋਂ ਲਈ ਵੀ ਬਾਜਰਾ ਰੱਖ ਲੈਂਦੇ ਸਨ, ਲੇਕਿਨ ਇਸ ਵਾਰ ਚੰਗੀ ਕੀਮਤ ਮਿਲਣ ਕਾਰਣ ਉਨਾਂ ਨੇ ਇਹ ਵੀ ਵੇਚ ਦਿੱਤਾ ਹੈ|