ਨਵੀਂ ਦਿੱਲੀ – ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਇਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ| ਕੋਰੋਨਾ ਦੀ ਵਧਦੀ ਆਫਤ ਦਰਮਿਆਨ ਹਰ ਕਿਸੇ ਨੂੰ ਕੋਰੋਨਾ ਵੈਕਸੀਨ ਦੀ ਉਡੀਕ ਹੈ| ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਅਹਿਮ ਮੀਟਿੰਗਾਂ ਦੀ ਪ੍ਰਧਾਨਗੀ ਕਰ ਰਹੇ ਹਨ| ਉਹਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕੰਨਫਰੈਂਸਿੰਗ ਰਾਹੀਂ ਸਿੱਧੀ ਗੱਲਬਾਤ ਕੀਤੀ| ਇਸ ਮੀਟਿੰਗ ਵਿਚ ਸੂਬਿਆਂ ਵਿੱਚ ਵੱਧਦੇ ਕੋਰੋਨਾ ਕੇਸਾਂ ਤੇ ਗੱਲ ਕੀਤੀ ਗਈ|ਇਸ ਮੀਟਿੰਗ ਵਿਚ ਅਮਿਤ ਸ਼ਾਹ ਵੀ ਸ਼ਾਮਿਲ ਹਨ| ਇਸ ਮੀਟਿੰਗ ਵਿਚ ਗ੍ਰਹਿ ਮੰਤਰੀ ਨਾਲ 8 ਸੂਬਿਆਂ ਦੇ ਮੁੱਖ ਮੰਤਰੀ ਸ਼ਾਮਿਲ ਹਨ| ਜਿਸ ਵਿੱਚ ਕੇਰਲ, ਪੱਛਮੀ ਬੰਗਾਲ, ਹਰਿਆਣਾ, ਦਿੱਲੀ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਸ਼ਾਮਿਲ ਹਨ| ਮੁੱਖ ਮੰਤਰੀਆਂ ਦੀ ਇਸ ਮੀਟਿੰਗ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਹੋਏ ਹਨ| ਉਨ੍ਹਾਂ ਨੇ ਦਿੱਲੀ ਵਿਚ ਕੋਵਿਡ-19 ਦੀ ਤੀਜੀ ਲਹਿਰ ਦੇ ਖਤਮ ਹੋਣ ਤੱਕ ਸ਼ਹਿਰ ਵਿੱਚ ਕੇਂਦਰ ਸਰਕਾਰ ਤੋਂ 1000 ਵਾਧੂ ਆਈ.ਸੀ.ਯੂ. ਬੈਡਾਂ ਦੀ ਮੰਗ ਕੀਤੀ ਹੈ| ਇਸ ਦੇ ਨਾਲ ਹੀ ਕੇਜਰੀਵਾਲ ਨੇ ਦੱਸਿਆ ਕਿ 10 ਨਵੰਬਰ ਨੂੰ ਸ਼ਹਿਰ ਵਿੱਚ ਕੋਵਿਡ-19 ਦੇ ਸਭ ਤੋਂ ਵਧੇਰੇ 8600 ਨਵੇਂ ਕੇਸ ਸਾਹਮਣੇ ਆਏ ਸਨ ਅਤੇ ਉਸ ਤੋਂ ਬਾਅਦ ਕੇਸ ਤੇਜ਼ੀ ਨਾਲ ਘੱਟ ਹੋ ਰਹੇ ਹਨ| ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕੋਵਿਡ-19 ਦੀ ਤੀਜੀ ਲਹਿਰ ਦਾ ਇੰਨਾ ਅਸਰ ਕਈ ਕਾਰਨਾਂ ਕਰਕੇ ਪਿਆ ਹੈ, ਜਿਸ ਵਿਚ ਸਭ ਤੋਂ ਵਧੇਰੇ ਪਰਾਲੀ ਦਾ ਪ੍ਰਦੂਸ਼ਣ ਜ਼ਿੰਮੇਵਾਰ ਹੈ| ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਦਖਲ ਦੇਣ ਦੀ ਅਪੀਲ ਕੀਤੀ ਤਾਂ ਕਿ ਗੁਆਂਢੀ ਸੂਬਿਆਂ ਵਿਚ ਪਰਾਲੀ ਨੂੰ ਅੱਗ ਲਗਾਉਣ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਨਿਜ਼ਾਤ ਪਾਈ ਜਾ ਸਕੇ|ਮੀਟਿੰਗ ਵਿੱਚ ਮੌਜੂਦ ਅਮਿਤ ਸ਼ਾਹ ਨੇ ਕਿਹਾ ਕਿ ਯੂਰਪ-ਅਮਰੀਕਾ ਵਿਚ ਫਿਰ ਤੋਂ ਕੇਸ ਵਧੇ ਹਨ, ਅਜਿਹੇ ਵਿਚ ਸਾਨੂੰ ਵੀ ਸਾਵਧਾਨ ਰਹਿਣਾ ਪਵੇਗਾ| ਸ਼ਾਹ ਨੇ ਸੂਬਿਆਂ ਨੂੰ ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਜ਼ਰੂਰੀ ਕਰਨ ਤੇ ਜ਼ੋਰ ਦਿੱਤਾ ਹੈ| ਉਹਨਾਂ ਤੋਂ ਬਾਅਦ ਸਿਹਤ ਸਕੱਤਰ ਨੇ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਦਿੱਲੀ, ਕੇਰਲ, ਮਹਾਰਾਸ਼ਟਰ ਅਤੇ ਰਾਜਸਥਾਨ ਨੂੰ ਖਾਸ ਸਾਵਧਾਨੀ ਵਰਤਣੀ ਪਵੇਗੀ|ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੋਰੋਨਾ ਆਫਤ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਵੀਡੀਓ ਕੰਨਫਰੈਂਸਿੰਗ ਰਾਹੀਂ ਮੁੱਖ ਮੰਤਰੀਆਂ ਨਾਲ ਚਰਚਾ ਕਰ ਚੁੱਕੇ ਹਨ| ਕੋਰੋਨਾ ਨੂੰ ਵੇਖਦਿਆਂ ਕੁਝ ਸੂਬਿਆਂ ਵਿਚ ਕੇਸ ਤੇਜ਼ੀ ਨਾਲ ਵੱਧ ਰਹੇ ਹਨ| ਕੁਝ ਸ਼ਹਿਰਾਂ ਵਿਚ ਤਾਂ ਰਾਤ ਦਾ ਕਰਫਿਊ ਵੀ ਲਗਾਇਆ ਗਿਆ ਹੈ| ਪ੍ਰਧਾਨ ਮੰਤਰੀ ਮੋਦੀ ਮੁੱਖ ਮੰਤਰੀਆਂ ਨਾਲ ਕੋਰੋਨਾ ਵੈਕਸੀਨ ਦੀ ਵੰਡ ਦੀ ਰਣਨੀਤੀ ਨੂੰ ਲੈ ਕੇ ਚਰਚਾ ਕਰ ਰਹੇ ਹਨ| ਦੇਸ਼ ਵਿੱਚ ਕੋਰੋਨਾ ਦੇ ਅੰਕੜੇ 91.77 ਲੱਖ ਤੋਂ ਪਾਰ ਹੋ ਗਏ ਹਨ|