ਚੰਡੀਗੜ੍ਹ, 26 ਮਈ, 2020 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ੍ਹ ਸੱਦੀ ਗਈ ਕੈਬਨਿਟ ਮੀਟਿੰਗ ‘ਤੇ ਸਭ ਦੀਆਂ ਨਜ਼ਰਾਂ ਹਨ। ਸੂਤਰਾਂ ਮੁਤਾਬਕ ਇਹ ਮੀਟਿੰਗ ਪੰਜਾਬ ਸਕੱਤਰੇਤ ਵਿਚ ਹੋਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਮਾਮਲੇ ‘ਤੇ ਕੱਲ੍ਹ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਦੁਪਹਿਰ ਦੇ ਖਾਣੇ ‘ਤੇ ਮੀਟਿੰਗ ਕੀਤੀ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਮੁੱਖ ਮੰਤਰੀ ਨੇ ਦੋਵਾਂ ਕੈਬਨਿਟ ਮੰਤਰੀਆਂ ਨੂੰ ਆਖਿਆ ਹੈ ਕਿ ਮੁੱਖ ਸਕੱਤਰ ਦੀ ਅਗਸਤ ਮਹੀਨੇ ਵਿਚ ਹੋਣ ਵਾਲੀ ਰਿਟਾਇਰਮੈਂਟ ਦੇ ਮੱਦੇਨਜ਼ਰ ਉਹਨਾਂ ਦਾ ਵਿਰੋਧ ਨਾ ਕੀਤਾ ਜਾਵੇ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਮੰਤਰੀਆਂ ਨੇ ਇਹ ਆਖਿਆ ਹੈ ਕਿ ਮੁੱਖ ਸਕੱਤਰ ਦੇ ਬਾਈਕਾਟ ਦਾ ਫੈਸਲਾ ਕੈਬਨਿਟ ਦਾ ਸਾਂਝਾ ਹੈ ਤੇ ਇਸਦਾ ਨਿਬੇੜਾ ਵੀ ਕੈਬਨਿਟ ‘ਤੇ ਛੱਡ ਦਿੱਤਾ ਜਾਵੇ।
ਕੱਲ੍ਹ ਦੀ ਮੀਟਿੰਗ ਵਿਚ ਮੁੱਖ ਸਕੱਤਰ ਸ਼ਾਮਲ ਹੋਣਗੇ ਜਾਂ ਨਹੀਂ ਇਹ ਤਾਂ ਸਮਾਂ ਆਉਣ ‘ਤੇ ਹੀ ਪਵਾ ਲੱਗੇਗਾ ਪਰ ਕੱਲ੍ਹ ਦੀ ਮੀਟਿੰਗ ਦੀ ਸਿਆਸੀ ਮਹੱਤਤਾ ਦੇ ਮੱਦੇਨਜ਼ਰ ਸਭ ਦੀਆਂ ਨਜ਼ਰਾਂ ਉਸ ਮੀਟਿੰਗ ‘ਤੇ ਟਿਕ ਗਈਆਂ ਹਨ।