ਫਰਿਜ਼ਨੋ – ਪੈਂਟਾਗਨ ਅਫ਼ਗ਼ਾਨਿਸਤਾਨ ਅਤੇ ਇਰਾਕ ਵਿਚ ਫ਼ੌਜਾਂ ਦੀ ਗਿਣਤੀ ਘਟਾ ਕੇ ਰਿਹਾ ਹੈ। ਇਸ ਦੀ ਜਾਣਕਾਰੀ ਪੈਟਾਗਨ ਵਿੱਚ ਰੱਖਿਆ ਅਧਿਕਾਰੀ ਕ੍ਰਿਸਟੋਫਰ ਮਿਲਰ ਦੁਆਰਾ ਮੰਗਲਵਾਰ ਨੂੰ ਦਿੱਤੀ ਗਈ। ਜਾਣਕਾਰੀ ਅਨੁਸਾਰ ਅਫ਼ਗ਼ਾਨਿਸਤਾਨ ਵਿਚ ਲਗਭਗ 2,000 ਅਤੇ ਇਰਾਕ ਵਿਚ 500 ਤੱਕ ਦੀ ਗਿਰਾਵਟ ਕੀਤੀ ਜਾਵੇਗੀ। ਵਿਭਾਗ ਦਾ ਇਹ ਫ਼ੈਸਲਾ ਰਾਸ਼ਟਰਪਤੀ ਟਰੰਪ ਰਾਹੀਂ ਸਾਬਕਾ ਰੱਖਿਆ ਸਕੱਤਰ ਮਾਰਕ ਐਸਪਰ ਨੂੰ ਬਰਖ਼ਾਸਤ ਕਰਕੇ ਉਸਦੀ ਜਗ੍ਹਾ ਕ੍ਰਿਸਟੋਫਰ ਮਿਲਰ ਨੂੰ ਲਗਾਉਣ ਦੇ ਬਾਅਦ ਆਇਆ ਹੈ। ਟਰੰਪ ਨੇ ਲੰਮੇ ਸਮੇਂ ਤੋਂ ਮੱਧ ਪੂਰਬ ਵਿੱਚ ਫ਼ੌਜਾਂ ਦੀ ਗਿਣਤੀ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸੈਨਿਕਾਂ ਦੀ ਕਟੌਤੀ ਦੀ ਪ੍ਰਭਾਵੀ ਤਾਰੀਖ਼, 15 ਜਨਵਰੀ ਜੋ ਕਿ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਸਿਰਫ਼ ਪੰਜ ਦਿਨ ਪਹਿਲਾਂ ਤੈਅ ਕੀਤੀ ਗਈ ਹੈ।ਇੱਕ ਅਧਿਕਾਰੀ ਨੇ ਇਸ ਫ਼ੈਸਲੇ ਨੂੰ ਪੈਂਟਾਗਨ ਦੇ ਰਾਜਨੀਤਿਕ ਤੌਰ ‘ਤੇ ਨਿਯੁਕਤ ਕੀਤੇ ਗਏ ਅਧਿਕਾਰੀਆਂ ਦੁਆਰਾ ਲਏ ਗਏ ਰਾਜਨੀਤਿਕ ਪ੍ਰਭਾਵ ਦੇ ਫ਼ੈਸਲੇ ਵਜੋਂ ਦਰਸਾਇਆ ਹੈ। ਇਸ ਸੰਬੰਧੀ ਹਫ਼ਤੇ ਦੇ ਅਖੀਰ ਵਿੱਚ ਮਿਲਰ ਨੇ ਰੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਦੱਸਿਆ ਕਿ ਇਸ ਕਾਰਵਾਈ ਨਾਲ ਉਹ ਇਹਨਾਂ ਖੇਤਰਾਂ ਵਿੱਚ ਮੌਜੂਦਾ ਯੁੱਧ ਨੂੰ ਜ਼ਿੰਮੇਵਾਰ ਢੰਗ ਨਾਲ ਖ਼ਤਮ ਕਰਨਾ ਚਾਹੁੰਦੇ ਹਨ।ਇਸਦੇ ਨਾਲ ਹੀ ਇਹਨਾਂ ਸੈਨਿਕਾਂ ਦੀ ਮਈ ਤੱਕ ਘਰ ਵਾਪਸੀ ਦੀ ਉਮੀਦ ਹੈ।