ਮੁੱਖ ਮੰਤਰੀ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਪੇਂਡੂ ਖੇਤਰਾਂ ਵਿਚਲੇ ਵਿਕਾਸ ਪ੍ਰਾਜੈਕਟ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਮਹੱਤਵਪੂਰਨ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੇ ਜਾਣ ਤੋਂ ਤੁਰੰਤ ਬਾਅਦ ਹੀ ਸੂਬੇ ਭਰ ਦੀਆਂ ਗ੍ਰਾਮ ਪੰਚਾਇਤਾਂ ਵਿੱਚ 17440 ਵਿਕਾਸਮੁਖੀ ਕੰਮ 327 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਜਾ ਚੁੱਕੇ ਹਨ ਤਾਂ ਜੋ ਪੇਂਡੂ ਖੇਤਰਾਂ ਦਾ ਸਮੁੱਚਾ ਵਿਕਾਸ ਕੀਤਾ ਜਾ ਸਕੇ।ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 17 ਅਕਤੂਬਰ, 2020 ਨੂੰ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ 835 ਕਰੋੜ ਰੁਪਏ ਦੀ ਲਾਗਤ ਨਾਲ 19,132 ਵਿਕਾਸ ਕੰਮਾਂ ਨੂੰ ਪਹਿਲੇ ਪੜਾਅ ਤਹਿਤ 2019 ਵਿੱਚ ਸ਼ੁਰੂ ਹੋਈ ਮੁਹਿੰਮ ਦੌਰਾਨ ਨੇਪਰੇ ਚਾੜ੍ਹਿਆ ਗਿਆ ਸੀ। ਪਹਿਲੇ ਪੜਾਅ ਵਿੱਚ ਛੱਪੜਾਂ ਦੀ ਸਫਾਈ, ਸਟ੍ਰੀਟ ਲਾਈਟਾਂ, ਪਾਰਕ, ਜਿਮਨੇਜ਼ੀਅਮ, ਕਮਿਊਨਿਟੀ ਹਾਲ, ਪੀਣ ਵਾਲੇ ਪਾਣੀ ਦੀ ਸਪਲਾਈ, ਮਾਡਲ ਆਂਗਣਵਾੜੀ ਕੇਂਦਰ, ਸਮਾਰਟ ਸਕੂਲ ਅਤੇ ਸੌਲਿਡ ਵੇਸਟ ਮੈਨੇਜਮੈਂਟ ਵਰਗੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਸਨ ਤਾਂ ਜੋ ਪੰਜਾਬ ਦੇ ਪਿੰਡ ਸਵੈ ਨਿਰਭਰ ਹੋ ਕੇ ਵਿਕਾਸ ਦੀ ਰਾਹ ‘ਤੇ ਤੁਰ ਸਕਣ।ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਇਸ ਮੁਹਿੰਮ ਦੇ ਦੂਜੇ ਪੜਾਅ ਤਹਿਤ 48910 ਵਿਕਾਸ ਪ੍ਰਾਜੈਕਟ ਕੁੱਲ 2775 ਕਰੋੜ ਰੁਪਏ ਦੀ ਲਾਗਤ ਨਾਲ ਨੇਪਰੇ ਚਾੜ੍ਹੇ ਜਾ ਰਹੇ ਹਨ। ਇਸ ਮੁਹਿੰਮ ਦੌਰਾਨ ‘ਹਰ ਘਰ ਪੱਕੀ ਛੱਤ’ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਜਿਸ ਤਹਿਤ ਪੇਂਡੂ ਖੇਤਰਾਂ ਤੇ ਗਰੀਬਾਂ ਨੂੰ ਰਹਿਣ ਲਈ ਘਰ ਪ੍ਰਦਾਨ ਕੀਤੇ ਜਾਣਗੇ ਅਤੇ ਅਜਿਹਾ ਕਰਦੇ ਸਮੇਂ ਇਹ ਵੀ ਧਿਆਨ ਵਿੱਚ ਰੱਖਿਆ ਜਾਵੇਗਾ ਕਿ ਮਹਿਲਾ ਪ੍ਰਧਾਨ ਘਰਾਂ, ਦਿਵਯਾਂਗ ਵਿਅਕਤੀਆਂ, ਗੰਭੀਰ ਬਿਮਾਰ ਵਿਅਕਤੀਆਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਅਨੁਸੂਚਿਤ ਜਾਤੀਆਂ ਤੋਂ ਇਲਾਵਾ ਪੇਂਡੂ ਖੇਤਰਾਂ ਦੇ 750 ਖੇਡ ਸਟੇਡੀਅਮਾਂ ਦਾ ਵਿਕਾਸ ਕੀਤਾ ਜਾਵੇ। ਦੂਜੇ ਪੜਾਅ ਤਹਿਤ ਪੇਂਡੂ ਵਿਕਾਸ ਨੂੰ ਹੁਲਾਰਾ ਦੇਣ ਸਬੰਧੀ ਉਪਰੋਕਤ ਪ੍ਰਾਜੈਕਟਾਂ ਦੀ ਫੰਡਿੰਗ ਦੇ ਸ੍ਰੋਤਾਂ ਵਿੱਚ 14ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ (1088 ਕਰੋੜ ਰੁਪਏ) ਅਤੇ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ (694 ਕਰੋੜ ਰੁਪਏ) ਸ਼ਾਮਲ ਹਨ ਜਿਨ੍ਹਾਂ ਨੂੰ ਕਿ 22 ਜ਼ਿਲ੍ਹਿਆਂ ਦੀਆਂ 13265 ਗ੍ਰਾਮ ਪੰਚਾਇਤਾਂ ਨੂੰ ਪਹਿਲਾਂ ਹੀ ਮੁਰੱਈਆ ਕਰਵਾਇਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਹੋਰ ਸ੍ਰੋਤਾਂ ਵਿੱਚ ਮਗਨਰੇਗਾ, ਪੇਂਡੂ ਵਿਕਾਸ ਫੀਸ ਅਤੇ ਗ੍ਰਾਮ ਪੰਚਾਇਤਾਂ ਦੇ ਆਪਣੇ ਵਸੀਲਿਆਂ ਨੂੰ ਇਨ੍ਹਾਂ ਵਿਕਾਸ ਕੰਮਾਂ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ।ਹੋਰ ਵੇਰਵੇ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਫਰੀਦਕੋਟ ਵਿੱਚ 686 ਕੰਮ 15.85 ਕਰੋੜ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਤਰਨਤਾਰਨ ਵਿਚ 671 ਕੰਮ (39.86 ਕਰੋੜ ਰੁਪਏ), ਜਲੰਧਰ ਵਿਚ 1754 ਕੰਮ (21.30 ਕਰੋੜ ਰੁਪਏ), ਪਟਿਆਲਾ ਵਿਚ 1493 ਕੰਮ (27.08 ਕਰੋੜ ਰੁਪਏ), ਫਤਿਹਗੜ ਸਾਹਿਬ ਵਿਚ 781 ਕੰਮ (9.59 ਕਰੋੜ), ਪਠਾਨਕੋਟ ਵਿਚ 602 ਕੰਮ (12.97 ਰੁਪਏ) ਕਰੋੜ), ਲੁਧਿਆਣਾ ਵਿਚ 897 ਕੰਮ (13.79 ਕਰੋੜ), ਸ਼ਹੀਦ ਭਗਤ ਸਿੰਘ ਨਗਰ ਵਿਚ 833 ਕੰਮ (18.27 ਕਰੋੜ ਰੁਪਏ), ਰੂਪਨਗਰ ਵਿਚ 512 ਕੰਮ (7.03 ਕਰੋੜ ਰੁਪਏ), ਐਸ ਏ ਐਸ ਨਗਰ ਵਿਚ 526 ਕੰਮ (4.15 ਕਰੋੜ ਰੁਪਏ), ਸ੍ਰੀ ਮੁਕਤਸਰ ਸਾਹਿਬ ਵਿਚ 815 ਕੰਮ (14.47 ਕਰੋੜ ਰੁਪਏ), ਅੰਮ੍ਰਿਤਸਰ ਵਿਚ 773 ਕੰਮ (16.44 ਕਰੋੜ ਰੁਪਏ), ਹੁਸ਼ਿਆਰਪੁਰ ਵਿਚ 1491 ਕੰਮ (16.60 ਕਰੋੜ ਰੁਪਏ), ਗੁਰਦਾਸਪੁਰ ਵਿਚ 1423 ਕੰਮ (22.86 ਕਰੋੜ ਰੁਪਏ), ਬਠਿੰਡਾ ਵਿਚ 762 ਕੰਮ (23.20 ਕਰੋੜ ਰੁਪਏ), ਮਾਨਸਾ ਵਿਚ 469 ਕੰਮ (7.17 ਕਰੋੜ ਰੁਪਏ), ਕਪੂਰਥਲਾ ਵਿਚ 601 ਕੰਮ (10.02 ਕਰੋੜ ਰੁਪਏ), ਸੰਗਰੂਰ ਵਿਚ 709 ਕੰਮ (15.58 ਕਰੋੜ ਰੁਪਏ), ਫਿਰੋਜਪੁਰ ਵਿਚ 520 ਕੰਮ (7.31 ਕਰੋੜ ਰੁਪਏ), ਬਰਨਾਲਾ ਵਿਚ 177 ਕੰਮ (3.70 ਕਰੋੜ ਰੁਪਏ), ਮੋਗਾ ਵਿਚ 341 ਕੰਮ (13.25 ਕਰੋੜ ਰੁਪਏ) ਅਤੇ ਫਾਜ਼ਿਲਕਾ ਵਿਚ 604 ਕੰਮ (7 ਕਰੋੜ ਰੁਪਏ) ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਹਨ।