ਚੰਡੀਗੜ – ਹਰਿਆਣਾ ਰਾਜ ਚੋਣ ਕਮਿਸ਼ਨ ਨੇ ਮੇਅਰ, ਨਗਰ ਨਿਗਮ ਮੈਂਬਰਾਂ, ਨਗਰ ਪਰਿਸ਼ਦ ਤੇ ਨਗਰ ਪਾਲਿਕਾ ਮੈਂਬਰਾਂ ਲਈ ਚੋਣ ਖਰਚ ਦੀ ਸੀਮਾ ਵਿਚ ਸੋਧ ਕਰਦੇ ਹੋਏ ਖਰਚ ਸੀਮਾ ਵਿਚ ਵਾਧਾ ਕੀਤਾ ਹੈ| ਹੁਣ ਮੇਅਰ ਲਈ ਵੱਧ ਤੋਂ ਵੱਧ ਚੋਣ ਖਰਚ ਸੀਮਾ 22 ਲੱਖ ਰੁਪਏ ਹੋਵੇਗੀ, ਜੋ ਕਿ ਪਹਿਲਾਂ 20 ਲੱਖ ਰੁਪਏ ਸੀ| ਇਸ ਤਰਾਂ, ਨਗਰ ਨਿਗਮ ਮੈਂਬਰਾਂ ਲਈ 5 ਲੱਖ ਰੁਪਏ ਤੋਂ ਵੱਧ ਕੇ 5.50 ਲੱਖ ਰੁਪਏ, ਨਗਰ ਪਰਿਸ਼ਦ ਦੇ ਮੈਂਬਰਾਂ ਲਈ 3 ਲੱਖ ਰੁਪਏ ਤੋਂ ਵੱਧਾ ਕੇ 3.30 ਲੱਖ ਰੁਪਏ ਅਤੇ ਨਗਰ ਪਾਲਿਕਾਂ ਮੈਂਬਰਾਂ ਲਈ 2 ਲੱਖ ਰੁਪਏ ਤੋਂ ਵੱਧਾ 2.25 ਲੱਖ ਰੁਪਏ ਕੀਤੀ ਹੈ| ਕਮਿਸ਼ਨ ਨੇ ਇਹ ਵੀ ਆਦੇਸ਼ ਦਿੱਤੇ ਕਿ ਨਗਰ ਨਿਗਮ, ਨਗਰ ਪਰਿਸ਼ਦ ਅਤੇ ਨਗਰ ਪਾਲਿਕਾ ਚੋਣ ਲੜਣ ਵਾਲੇ ਉਮੀਦਵਾਰ ਜਾਂ ਉਨਾਂ ਦੇ ਚੋਣ ਏਜੰਟ ਵੱਲੋਂ ਚੋਣ ਖਰਚ ਦਾ ਵੇਰਵਾ ਰੱਖਣਾ ਹੋਵੇਗਾ ਅਤੇ ਨਤੀਜੇ ਐਲਾਨ ਤੋਂ ਬਾਅਦ 30 ਦਿਨਾਂ ਦੇ ਅੰਦਰ ਖਰਚ ਦਾ ਵੇਰਵਾ ਜਿਲਾ ਡਿਪਟੀ ਕਮਿਸ਼ਨਰ ਕੋਲ ਜਮਾਂ ਕਰਵਾਉਣਾ ਹੋਵੇਗਾ| ਇਸ ਤੋਂ ਇਲਾਵਾ, ਇਹ ਵੀ ਆਦੇਸ਼ ਦਿੱਤੇ ਹਨ ਕਿ ਜੇਕਰ ਕੋਈ ਉਮੀਦਵਾਰ ਨਿਰਧਾਰਿਤ ਸਮੇਂ ਵਿਚ ਚੋਣ ਖਰਚ ਦਾ ਵੇਰਵਾ ਪੇਸ਼ ਕਰਨ ਵਿਚ ਅਸਫਲ ਹੁੰਦਾ ਹੈ ਤਾਂ ਕਮਿਸ਼ਨ ਉਸ ਨੂੰ ਅਯੋਗ ਐਲਾਨ ਕਰ ਸਕਦੀ ਹੈ ਅਤੇ ਉਮੀਦਵਾਰ ਆਦੇਸ਼ ਜਾਰੀ ਹੋਣ ਦੀ ਮਿਤੀ ਤੋਂ 5 ਸਾਲ ਲਈ ਅਯੋਗ ਹੋ ਜਾਵੇਗਾ|ਉਮੀਦਵਾਰ ਖੁਦ ਜਾਂ ਉਸ ਦੇ ਐਥੋਰਾਇਜਡ ਚੋਣ ਏਜੰਟ ਵੱਲੋਂ ਨਾਮਜਦਗੀ ਪੱਤਰ ਭਰਨ ਤੋਂ ਲੈ ਕੇ ਚੋਣ ਨਤੀਜਾ ਐਲਾਨ ਹੋਣ ਵਾਲੇ ਦਿਨ ਤਕ ਚੋਣ ਨਾਲ ਸਬੰਧਤ ਸਾਰੇ ਖਰਚਿਆਂ ਲਈ ਵੱਖ ਤੋਂ ਖਾਤਾ ਰੱਖਣਾ ਹੋਵੇਗਾ| ਕੁਲ ਖਰਚ ਉਪਰੋਕਤ ਸੀਮਾ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ|