ਚੰਡੀਗੜ – ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਜ਼ਿਲਿਆਂ ਵਿੱਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ, ਵੱਖ-ਵੱਖ ਸਰਕਾਰੀ ਯੋਜਨਾਵਾਂ, ਸਕੀਮਾਂ ਅਤੇ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਲਈ ਕੀਤੇ ਜਾ ਰਹੇ ਵੱਖ-ਵੱਖ ਡਵੀਜ਼ਨਾਂ ਦੇ ਦੌਰਿਆ ਦੀ ਲੜੀ ਵਜੋਂ ਅੱਜ ਫਰੀਦਕੋਟ ਡਵੀਜ਼ਨ ਦਾ ਦੌਰਾ ਕੀਤਾ ਗਿਆ। ਫਰੀਦਕੋਟ ਡਵੀਜ਼ਨ ਵਿਚਲੇ ਤਿੰਨ ਜ਼ਿਲੇ ਫਰੀਦਕੋਟ, ਬਠਿੰਡਾ ਅਤੇ ਮਾਨਸਾ ਦੇ ਪ੍ਰਬੰਧਕੀ ਸਕੱਤਰਾਂ, ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰਾਂ ਨਾਲ ਉਨਾਂ ਮੀਟਿੰਗ ਕੀਤੀ।ਮੀਟਿੰਗ ਉਪਰੰਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਵਿਨੀ ਮਹਾਜਨ ਨੇ ਕਿਹਾ ਕਿ ਉਨਾਂ ਵੱਲੋਂ ਰਾਜ ਦੀਆਂ ਸਾਰੀਆਂ ਡਵੀਜ਼ਨਾਂ ਵਿੱਚ ਜ਼ਿਲਿਆਂ ਦੇ ਪ੍ਰਬੰਧਕੀ ਸਕੱਤਰਾਂ, ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਜ਼ਿਲਿਆਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ, ਵਿਕਾਸ ਸਕੀਮਾਂ ਵੱਖ ਵੱਖ ਪ੍ਰਾਜੈਕਟਾਂ, ਯੋਜਨਾਵਾਂ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਨਾਂ ਵੱਲੋਂ ਰੂਪਨਗਰ ਅਤੇ ਫਿਰੋਜ਼ਪੁਰ ਡਵੀਜਨ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ।ਉਨਾਂ ਕਿਹਾ ਕਿ ਕੋਵਿਡ-19 ਕਾਰਨ ਰਾਜ ਵਿੱਚ ਚੱਲ ਰਹੇ ਵਿਕਾਸ ਪ੍ਰਾਜੈਕਟ ਜੋ ਰੁੱਕ ਗਏ ਸਨ, ਉਨਾਂ ‘ਤੇ ਹੁਣ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਰਾਜ ਦੇ ਲੋਕਾਂ ਨੇ ਕੋਵਿਡ ਵਿਰੁੱਧ ਜੰਗ ਲੜੀ ਹੈ ਅਤੇ ਕਾਫੀ ਹੱਦ ਤੱਕ ਇਸ ‘ਤੇ ਕਾਬੂ ਵੀ ਪਾਇਆ ਹੈ ਪਰ ਅੱਜ ਵੀ ਸਾਨੂੰ ਲੋੜ ਹੈ ਕਿ ਅਸੀਂ ਉਦੋਂ ਤੱਕ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣੀਆਂ ਜਾਰੀ ਰੱਖੀਏ ਜਦੋਂ ਤੱਕ ਕੋਵਿਡ ਦੀ ਦਵਾਈ ਨਹੀਂ ਆਉਂਦੀ। ਉਨਾਂ ਕਿਹਾ ਕਿ ਸਾਨੂੰ ਮਾਸਕ ਪਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਭੀੜ ਵਾਲੀਆ ਥਾਵਾਂ ‘ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਇਕ ਸਵਾਲ ਦੇ ਜਵਾਬ ਵਿੱਚ ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਉਦਯੋਗਿਕ ਵਿਕਾਸ ਲਈ ਪੂਰੀ ਤਰਾਂ ਯਤਨਸ਼ੀਲ ਹੈ ਅਤੇ ਸਰਕਾਰ ਨੇ 2017 ਵਿੱਚ ਉਦਯੋਗਾਂ ਨੂੰ ਹੋਰ ਹੁਲਾਰਾ ਦੇਣ ਲਈ ਨਵੀਂ ਉਦਯੋਗਿਕ ਪਾਲਿਸੀ ਬਣਾਈ ਹੈ ਜਿਸ ਦੇ ਸਿੱਟੇ ਵਜੋਂ ਸਾਢੇ ਤਿੰਨ ਸਾਲਾਂ ਵਿੱਚ ਰਾਜ ਵਿੱਚ 70 ਹਜ਼ਾਰ ਕਰੋੜ ਦੇ ਕਰੀਬ ਉਦਯੋਗਿਕ ਨਿਵੇਸ਼ ਹੋਇਆ ਹੈ।ਉਨਾਂ ਇਹ ਵੀ ਦੱਸਿਆ ਕਿ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਚਲੇ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਜਲਦੀ ਦੂਰ ਕੀਤਾ ਜਾਵੇਗਾ ਅਤੇ ਕੋਟਕਪੂਰਾ ਦਾ ਰੇਲਵੇ ਓਵਰ ਬਿ੍ਰਜ 31 ਦਸੰਬਰ 2020 ਤੱਕ ਆਵਾਜਾਈ ਲਈ ਖੋਲ ਦਿੱਤਾ ਜਾਵੇਗਾ।ਉਨਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ।ਉਨਾਂ ਦੱਸਿਆ ਕਿ ਪੰਜਾਬ ਵਿਚ ਇਸ ਸਾਲ ਪਰਾਲੀ ਸਾੜਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕੇ ਸਾਰਥਕ ਕਦਮਾਂ ਸਦਕਾ ਪੰਜਾਬ ਵਿਚ 5 ਫੀਸਦੀ ਘੱਟ ਖੇਤਰ ਵਿਚ ਪਰਾਲੀ ਸਾੜੀ ਗਈ ਹੈ। ਉਨਾਂ ਕਿਹਾ ਕਿ ਅਕਤੂਬਰ ਦੇ ਅੰਤ ਤੱਕ ਇਸ ਸਾਲ 7.49 ਲੱਖ ਹੈਕਟੇਅਰ ਜ਼ਮੀਨ ਦੀ ਪਰਾਲੀ ਸਾੜੀ ਗਈ ਜੋ ਕਿ ਪਿਛਲੇ ਸਾਲ 7.90 ਲੱਖ ਹੈਕਟੇਅਰ ਸੀ। ਇਸ ਸਾਲ ਇਹ ਦਰ ਪਿਛਲੇ ਸਾਲ ਨਾਲੋਂ 5.23 ਫੀਸਦੀ ਘੱਟ ਹੈ।ਇਸ ਤੋਂ ਪਹਿਲਾਂ ਮੁੱਖ ਸਕੱਤਰ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਏ। ਉਨਾਂ ਨੇ ਫਰੀਕਦੋਟ ਡੀ.ਸੀ ਦਫਤਰ ਵਿਖੇ ਪੀ.ਜੀ.ਆਰ.ਐਸ ਕੇਂਦਰ ਦਾ ਉਦਘਾਟਨ ਵੀ ਕੀਤਾ।ਮੀਟਿੰਗ ਵਿੱਚ ਸੈਰ ਸਪਾਟਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ, ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਕਮਿਸ਼ਨਰ ਰਵਿੰਦਰ ਕੁਮਾਰ ਕੋਸ਼ਿਕ ਤੋਂ ਇਲਾਵਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦਰ, ਆਈ.ਜੀ ਡਾ. ਕੋਸਤੁਭ ਸ਼ਰਮਾ, ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਤੋਂ ਇਲਾਵਾ ਹੋਰ ਵੀ ਉੱਚ ਅਧਿਕਾਰੀ ਹਾਜ਼ਰ ਸਨ।