ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਜਮਾਤ-ਏ-ਇਸਲਾਮੀ ਅਤੇ ਪੌਪੁਲਰ ਫਰੰਟ ਆਫ ਇੰਡੀਆ (ਪੀਐੱਫਆਈ) ਤੇ ਇਸ ਦੇ ਸਹਿਯੋਗੀ ਵੱਖਵਾਦੀ ਧੜਿਆਂ ਨਾਲ ਮਿਲ ਕੇ ‘ਕੱਟੜਪੰਥੀ ਧੜਾ’ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਹਾਰ ਚੋਣਾਂ ਲੜ ਰਹੇ ਤੇਜਸਵੀ ਯਾਦਵ ਤੇ ਉਸ ਦੀ ਪਾਰਟੀ ਆਰਜੇਡੀ ਵੀ ਇਸੇ ਗੱਠਜੋੜ ਦਾ ਹਿੱਸਾ ਹਨ।ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਜਮਾਤ-ਏ-ਇਸਲਾਮੀ ਤੇ ਪੀਐੱਫਆਈ ਨਾਲ ਸਾਂਝ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜਮਾਤ-ਏ-ਇਸਲਾਮੀ ’ਤੇ ਕੇਂਦਰ ਸਰਕਾਰ ਨੇ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਪਾਬੰਦੀ ਲਾਈ ਹੋਈ ਹੈ ਅਤੇ ਪੀਐੱਫਆਈ ’ਤੇ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਮੁਜ਼ਾਹਰਿਆਂ ਦੌਰਾਨ ਫੰਡਿੰਗ ਦੇਣ ਦਾ ਦੋਸ਼ ਹੈ। ਨਕਵੀ ਨੇ ਇੱਥੇ ਭਾਜਪਾ ਦੇ ਹੈੱਡਕੁਆਰਟਰ ’ਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ‘ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੇ ਸਿਰਫ਼ ਸੱਤਾ ਦੇ ਲਾਲਚ ਕਾਰਨ ਵੱਖਵਾਦੀ ਪਾਰਟੀਆਂ ਨਾਲ ਨਵਾਂ ਗੱਠਜੋੜ ਬਣਾ ਲਿਆ ਹੈ। ਕਾਂਗਰਸ ਨੇ ਦੇਸ਼ ’ਚ ਵੱਖਵਾਦ ਨੂੰ ਹੁਲਾਰਾ ਦੇਣ ਲਈ ਵੱਖਵਾਦੀ ਧੜਾ ਬਣਾਇਆ ਹੈ।’ ਉਨ੍ਹਾਂ ਕਿਹਾ, ‘ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਕਾਂਗਰਸ ਦੇ ਨਾਲ ਨਾਲ ਤੇਜਸਵੀ ਯਾਦਵ ਨੇ ਵੀ ਬਿਹਾਰ ’ਚ ਜਮਾਤ-ਏ-ਇਸਲਾਮੀ ਤੇ ਹੋਰ ਕੱਟੜਪੰਥੀ ਤੱਤਾਂ ਨਾਲ ਸਾਂਝ ਪਾ ਲਈ ਹੈ।