ਚੰਡੀਗੜ – ਦੇਸ਼ ਦੇ ਸਾਰੇ ਜ਼ਿਲਿਆਂ ਵਿੱਚ 61 ਵੇਂ ਪੁਲਿਸ ਯਾਦਗਾਰੀ ਦਿਵਸ ‘ ਸ਼ੋਕ ਪਰੇਡਜ਼ ‘ ਅਤੇ ਪੁਲਿਸ ਸ਼ਹੀਦਾਂ ਨੂੰ ਸਲਾਮੀ ਦੇ ਕੇ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਬੁੱਧਵਾਰ ਨੂੰ ਪੀਏਪੀ ਕੰਪਲੈਕਸ, ਜਲੰਧਰ ਵਿਖੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੰਜਾਬ ਪੁਲਿਸ, ਹੋਰ ਰਾਜ ਪੁਲਿਸ ਬਲਾਂ ਅਤੇ ਕੇਂਦਰੀ ਨੀਮ ਫੌਜੀ ਬਲਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਸਰਹੱਦੀ ਸੂਬੇ ਪੰਜਾਬ ਵਿਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ‘ਤੇ ਜੋਰ ਦਿੰਦਿਆਂ ਡੀਜੀਪੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਅਤੇ ਸੁਰੱਖਿਆ ਦੇ ਨਾਲ-ਨਾਲ ਰਾਜ ਦੀ ਮਹਿੰਗੇ ਮੁੱਲ ਹਾਸਲ ਕੀਤੀ ਸ਼ਾਂਤੀ ਨੂੰ ਸੁਰੱਖਿਅਤ ਰੱਖਣ ਵਿਚ ਪੰਜਾਬ ਪੁਲਿਸ ਦੀ ਅਹਿਮ ਭੂਮਿਕਾ ਨੂੰ ਯਾਦ ਕੀਤਾ।ਉਨਾਂ ਕਿਹਾ ਕਿ ਪੰਜਾਬ ਪੁਲਿਸ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣ ਲਈ ਰਾਜ ਪੁਲਿਸ ਦੇ 2000 ਤੋਂ ਵੱਧ ਪੁਲਿਸ ਅਧਿਕਾਰੀਆਂ / ਮੁਲਾਜ਼ਮਾਂ ਨੇ ਡਿਊਟੀ ਨਿਭਾਉਂਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ।ਗੁਪਤਾ ਨੇ ਕਿਹਾ ਕਿ ਇੰਨਾਂ ਸ਼ਹੀਦਾਂ ਦੀ ਮਹਾਨ ਕੁਰਬਾਨੀ ਹਮੇਸ਼ਾਂ ਹੀ ਨਵੇਂ ਪੁਲਿਸ ਅਧਿਕਾਰੀਆਂ / ਮੁਲਾਜ਼ਮਾਂ ਨੂੰ ਆਪਣੀ ਮਾਤ ਭੂਮੀ ਦੀ ਰੱਖਿਆ ਪ੍ਰਤੀ ਪ੍ਰੇਰਿਤ ਕਰਦੀ ਰਹੇਗੀ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਅਤੇ ਮੁੱਖ ਮੰਤਰੀ ਜੋ ਕਿ ਰਾਜ ਦੇ ਗ੍ਰਹਿ ਮੰਤਰੀ ਵੀ ਹਨ, ਦਾ ਧੰਨਵਾਦ ਕਰਦਿਆਂ ਡੀਜੀਪੀ ਨੇ ਕਿਹਾ ਕਿ ਸਰਕਾਰ ਨੇ ਉਨਾਂ ਦੀਆਂ ਸਾਰੀਆਂ ਚਿੰਤਾਵਾਂ ਨੂੰ ਹੱਲ ਕਰਦਿਆਂ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਪਹਿਲ ਦੇ ਅਧਾਰ ਤੇ ਯਕੀਨੀ ਬਣਾਇਆ ਹੈ।ਡੀਜੀਪੀ ਨੇ ਪਟਿਆਲਾ ਦੇ ਏ.ਐਸ.ਆਈ. ਹਰਜੀਤ ਸਿੰਘ ਦੀ ਬਹਾਦਰੀ ਦੀ ਵੀ ਪ੍ਰਸ਼ੰਸਾ ਕੀਤੀ ਜਿਨਾਂ ਦਾ ਪਟਿਆਲਾ ਸਬਜ਼ੀ ਮੰਡੀ ਵਿਖੇ ਕੱਟਿਆ ਗਿਆ ਸੀ ਇਸ ਤੋਂ ਇਲਾਵਾ ਸਾਬਕਾ ਸੈਨਿਕ ਤੇ ਮੋਗਾ ਦੇ ਸਿਪਾਹੀ ਜਗਮੋਹਨ ਸਿੰਘ ਅਤੇ ਜਲੰਧਰ ਦੇ ਸਿਪਾਹੀ ਗੁਰਮੀਤ ਸਿੰਘ ,ਜਿਨਾਂ ਨੇ ਪਿਛਲੇ ਸਾਲ ਬੜੀ ਬਹਾਦਰੀ ਨਾਲ ਆਪਣੀ ਡਿਊਟੀ ਨਿਭਾਉਂਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ।ਡੀਜੀਪੀ ਨੇ ਰਾਜ ਦੇ ਨਾਗਰਿਕਾਂ ਦੀ ਭਲਾਈ ਲਈ ਵਿਸ਼ੇਸ਼ ਤੌਰ ‘ਤੇ ਕੋਰੋਨਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਕਰਫਿਊ /ਤਾਲਾਬੰਦੀ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਕੀਤੇ ਗਏ ਮਾਨਵਵਾਦੀ ਕਦਮਾਂ ‘ਤੇ ਤਸੱਲੀ ਜ਼ਾਹਰ ਕਰਦਿਆਂ, ਕਿਹਾ ਕਿ ਰਾਜ ਪੁਲਿਸ ਆਮ ਲੋਕਾਂ ਨਾਲ ਨੇੜਿਓਂ ਕੰਮ ਕਰ ਰਹੀ ਸੀ। ਇਸ ਸਾਲ ਮਾਰਚ-ਅਪ੍ਰੈਲ-ਮਈ ਵਿਚ ਪੰਜਾਬ ਵਿਚ ਕਰਫਿਊ ਦੌਰਾਨ ਸੰਗਠਨਾਂ ਨੇ ਲਗਭਗ 12 ਕਰੋੜ ਲੋਕਾਂ ਨੂੰ ਸੁੱਕਾ ਰਾਸ਼ਨ ਵੰਡਿਆ ਅਤੇ ਲੰਗਰ ਦੀ ਸੇਵਾ ਕੀਤੀ।ਪੀਏਪੀ ਕੈਂਪਸ ਵਿਖੇ 61ਵੇਂ ਪੁਲਿਸ ਯਾਦਗਾਰੀ ਦਿਵਸ ਦੇ ਸਬੰਧ ਵਿਚ ਸੂਬਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਲੜਾਈ ਵਿਚ ਆਪਣੇ ਬਹਾਦਰੀ ਭਰੇ ਅਤੇ ਮਨੁੱਖਤਾਵਾਦੀ ਕਾਰਜਾਂ ਲਈ ਫੋਰਸ ਦੇ ਬਹਾਦਰ ਜਵਾਨਾਂ ਨੂੰ ਹਮੇਸ਼ਾਂ ਯਾਦ ਰੱਖੇਗੀ।
ਉਨਾਂ ਕਿਹਾ ਕਿ 41 ਜਵਾਨਾਂ ਅਤੇ ਅਧਿਕਾਰੀਆਂ ਨੇ ਨੋਵਲ ਕੋਰੋਨਾ ਵਾਇਰਸ ਨਾਲ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨਾਂ ਨੇ ਸਮੁੱਚੀ ਪੰਜਾਬ ਪੁਲਿਸ ਦੀ ਤਰਫੋਂ ਇਨਾਂ ਕੋਰੋਨਾ ਯੋਧਿਆਂ ਨੂੰ ਸ਼ਰਧਾਂਜਲੀ ਦਿੱਤੀ।
ਸੂਬੇ ਭਰ ਵਿਚ ਹਫ਼ਤਾ ਭਰ ਚੱਲੇ ਸਮਾਰੋਹ ਦੌਰਾਨ ਪੁਲਿਸ ਕਮਿਸ਼ਨਰ ਅਤੇ ਐਸਐਸਪੀਜ਼ ਸਮੇਤ ਸਾਰੇ ਜ਼ਿਲਿਆਂ ਦੇ ਸੀਨੀਅਰ ਪੁਲਿਸ ਅਧਿਕਾਰੀ ਸੂਬੇ ਦੇ 1500 ਤੋਂ ਵੱਧ ਪੁਲਿਸ ਸ਼ਹੀਦਾਂ ਦੇ ਪਰਿਵਾਰਾਂ ਨੂੰ ਹਾਲ-ਚਾਲ ਪੁੱਛਣ ਲਈ ਉਹਨਾਂ ਨੂੰ ਮਿਲੇ ਅਤੇ ਉਨਾਂ ਨੂੰ ਸਤਿਕਾਰ ਅਤੇ ਮਾਨਤਾ ਦੇਣ ਹਿੱਤ ਤੋਹਫ਼ੇ ਭੇਟ ਕੀਤੇ। ਪਿਛਲੇ ਦਸ ਦਿਨਾਂ ਦੌਰਾਨ ਜ਼ਿਲਾ ਪੁਲਿਸ ਅਧਿਕਾਰੀਆਂ ਵਲੋਂ ਕੀਤੀਆਂ ਕੁਝ ਹੋਰ ਗਤੀਵਿਧੀਆਂ ਇਸ ਪ੍ਰਕਾਰ ਹਨ:
ਪ੍ਰਮੁੱਖ ਜਨਤਕ ਥਾਵਾਂ ‘ਤੇ ਪੁਲਿਸ ਸ਼ਹੀਦਾਂ ਨੂੰ ਸਮਰਪਿਤ ਸੰਗਠਿਤ ਬੈਂਡ ਪ੍ਰਦਰਸ਼ਨ ਕਰਵਾਏ।
ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਪੁਲਿਸ ਕਰਮੀਆਂ ਦੀ ਯਾਦ ਵਿੱਚ ਕੈਂਡਲ ਮਾਰਚ ਕੱਢੇ ਗਏ।
ਪੁਲਿਸ ਪਬਲਿਕ ਸਕੂਲਾਂ ਵਿੱਚ ਭਾਸ਼ਣ, ਲੇਖ, ਕੁਇਜ਼ ਮੁਕਾਬਲੇ ਕਰਵਾਏ ਗਏ।
ਸ਼ਹੀਦਾਂ ਦੀ ਯਾਦ ਵਿਚ ਮਿੰਨੀ ਮੈਰਾਥਨ / ਵਾਕਾਥੌਨ ਅਤੇ ਸਾਈਕਲ ਰੈਲੀਆਂ ਕੀਤੀਆਂ ਗਈਆਂ।
ਪੁਲਿਸ ਲਾਇਨ ਵਿਚ ਸ਼ਹੀਦਾਂ ਦੀ ਯਾਦ ਵਿਚ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ।
ਸਾਡੇ ਸ਼ਹੀਦਾਂ ਅਤੇ ਉਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਬਾਰੇ ਛੋਟੀਆਂ ਪ੍ਰੇਰਣਾਦਾਇਕ ਵੀਡੀਓ ਕਲਿੱਪਾਂ ਪੁਲਿਸ ਦੇ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਅਪਲੋਡ ਕੀਤੀਆਂ ਗਈਆਂ।
ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਨ ਲਈ ਸਕੂਲਾਂ ਦੀਆਂ ਪ੍ਰਮੁੱਖ ਥਾਵਾਂ ‘ਤੇ ਪੁਲਿਸ ਸ਼ਹੀਦਾਂ ਦੀਆਂ ਫੋਟੋਆਂ ਪ੍ਰਦਰਸ਼ਤ ਕੀਤੀਆਂ ਗਈਆਂ ਜਿਥੇ ਸ਼ਹੀਦਾਂ ਨੇ ਵਿੱਦਿਆ ਹਾਸਲ ਕੀਤੀ ਸੀ।
ਸਾਡੇ ਸ਼ਹੀਦਾਂ ਦੀਆਂ ਬਹਾਦਰੀ ਕਥਾਵਾਂ ਸੰਬੰਧੀ ਕਹਾਣੀਆਂ ਅਤੇ ਲੇਖ ਅਖਬਾਰਾਂ ਵਿਚ ਪ੍ਰਕਾਸ਼ਤ ਕਰਵਾਏ ਗਏ।
ਐਸਐਸਪੀ ਪਟਿਆਲਾ ਨੇ ਪਟਿਆਲਾ ਜ਼ਿਲੇ ਦੇ 25 ਹੋਰ ਪੁਲਿਸ ਅਧਿਕਾਰੀਆਂ ਸਮੇਤ ਪੁਲਿਸ ਸ਼ਹੀਦਾਂ ਦੀ ਯਾਦ ਵਿਚ ਪਲਾਜ਼ਮਾ ਦਾਨ ਕੀਤਾ।