ਦੁਬਈ, 6 ਅਕਤੂਬਰ – ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਹੇਠ ਦੁਬਈ ਦੇ ਡਰ੍ਹੀਆ ਸ਼ਹਿਰ ਵਿੱਚ ਪਹਿਲੀ ਦੋ ਦਿਨਾਂ ਵਿਸ਼ਵ ਪੰਜਾਬੀ ਕਾਨਫ਼ਰੰਸ ਕਰਵਾਈ ਗਈ ਜਿਸ ਵਿੱਚ ਸੰਸਾਰ ਭਰ ਤੋਂ 100 ਤੋਂ ਵਧੇਰੇ ਪੰਜਾਬੀ ਮਾਂ-ਬੋਲੀ ਦੇ ਹਿਤੈਸ਼ੀਆਂ ਨੇ ਹਿੱਸਾ ਲਿਆ।
ਆਪਣੇ ਸੰਬੋਧਨ ਵਿੱਚ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਪੰਜਾਬੀ ਮਾਂ-ਬੋਲੀ ਦੀ ਪ੍ਰਫ਼ੁੱਲਤਾ ਵਾਸਤੇ ਹਰੇਕ ਸਿਨਫ਼ ਦੇ ਮਾਹਰ ਨੂੰ ਸਿਰਜੋੜ ਯਤਨ ਕਰਨ ਵਾਸਤੇ ਅੱਗੇ ਆਉਣ ਲਈ ਅਪੀਲ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਬੋਲੀ ਬਾਰੇ ਚਿੰਤਾਵਾਂ ਤੋਂ ਅੱਗੇ ਹੁਣ ਚਿੰਤਨ ਕਰਨ ਦੀ ਲੋੜ ਹੈ। ਪ੍ਰੋਗਰਾਮ ਦੇ ਪਹਿਲੇ ਦਿਨ ਦਾ ਸੈਸ਼ਨ ਪਰਚੇ ਪੜ੍ਹਨ ਅਤੇ ਦੂਜਾ ਦਿਨ ਕਵੀ ਦਰਬਾਰ, ਸਾਰਥਕ ਚਰਚਾ, ਨਾਟਕ, ਗਿੱਧਾ, ਲੋਕ ਸੰਗੀਤ ਤੇ ਸਵਾਲ-ਜਵਾਬਾਂ ਨੂੰ ਸਮਰਪਿਤ ਰਿਹਾ।
ਪ੍ਰੋਗਰਾਮ ਵਿਚ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਕਵਿੱਤਰੀ ਮਨਜੀਤ ਇੰਦਰਾ, ਗ਼ਜ਼ਲਗੋ ਡਾ. ਗੁਰਚਰਨ ਕੋਚਰ, ਸੁੱਖੀ ਬਾਠ, ਸੰਧੂ ਵਰਿਆਣਵੀ, ਮੀਆਂ ਆਸਿਫ਼, ਪਰਮਜੀਤ ਕੌਰ ਲਾਂਡਰਾਂ ਤੇ ਹੋਰਾਂ ਨੇ ਹਿੱਸਾ ਲਿਆ ਤੇ ਆਪੋ-ਆਪਣੇ ਪਰਚੇ ਪੜ੍ਹੇ।
ਕਾਨਫ਼ਰੰਸ ਦੌਰਾਨ ਡਾ. ਸੁਰਜੀਤ ਸਿੰਘ ਸੱਧਰ ਨੇ ਮਾਂ ਬੋਲੀ ਦੇ ਪਸਾਰ ਵਾਸਤੇ ਯਤਨ ਹੋਰ ਤੇਜ਼ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੋਲੀ ਦੇ ਬਚਾਅ, ਪਸਾਰ ਤੇ ਅਹਿਮੀਅਤ ਸਾਨੂੰ ਪਹਿਲਾਂ ਖ਼ੁਦ ਪਛਾਣਨੀ ਹੋਵੇਗੀ। ਸਤਵਿੰਦਰ ਸਿੰਘ ਧੜਾਕ ਨੇ ਮਾਤ ਭਾਸ਼ਾ ਦਾ ਮਨੁੱਖ ਦੇ ਜੀਵਨ ਵਿੱਚ ਮਹੱਤਵ ਵਿਸ਼ੇ ਤੇ ਪਰਚਾ ਪੜ੍ਹਦਿਆਂ ਕਿਹਾ ਕਿ ਇਲਾਕਾਈ ਸ਼ਬਦਾਂ ਦਾ ਮਰਨਾ ਮਾਂ ਬੋਲੀ ਦੇ ਖ਼ਾਤਮੇ ਦਾ ਕਾਰਨ ਬਣਦਾ ਹੈ। ਲਹਿੰਦੇ ਪੰਜਾਬ ਤੋਂ ਐਡਵੋਕੇਟ ਰਸ਼ੀਦ ਅਹਿਮਦ ਨੇ ਪੰਜਾਬੀ ਜ਼ੁਬਾਨ ਦੇ ਬਦਲਦੇ ਸਰੂਪ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਅਗਾਹ ਕੀਤਾ ਤੇ ਲਾਂਘਾ ਖੁਲ੍ਹਣ ਤੇ ਵੀ ਧਾਰਮਿਕ ਸਥਾਨਾਂ ਤੇ ਤੈਅ ਗਿਣਤੀ ਤੋਂ ਘੱਟ ਹਾਜ਼ਰੀ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਕੰਵਲਦੀਪ ਕੌਰ ਪਟਿਆਲਾ ਨੇ ਭਾਸ਼ਾ ਦੇ ਵਿਗੜਦੇ ਰੂਪ ਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਮਾਂ ਬੋਲੀ ਨੂੰ ਬਚਾਉਣ ਲਈ ਘਰ ਤੋਂ ਹੀ ਉਪਰਾਲੇ ਸ਼ੁਰੂ ਕਰ ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਭਾਰਤ ਦੇ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੇ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਪੰਜਾਬੀ ਵਿਚ ਰਲ਼ੇਵਾਂ ਮਾਂ ਬੋਲੀ ਦੇ ਸ਼ਬਦ ਭੰਡਾਰ ਵਿੱਚ ਤੋਹਫ਼ਾ ਦੱਸਿਆ। ਗੁਰਮਿੰਦਰਪੌਲ ਸਿੰਘ ਆਹਲੂਵਾਲੀਆ ਨੇ ਸਮੁੱਚੇ ਪੰਜਾਬੀਆਂ ਨੂੰ ਮਾਂ ਬੋਲੀ ਦੇ ਪਸਾਰ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ਸੰਜੀਵਨ ਸਿੰਘ, ਬਲਜੀਤ ਬੱਲੀ, ਸੰਦੀਪ ਕੌਰ ਚੀਮਾ, ਗੁਰਪ੍ਰੀਤ ਕੌਰ ਅਤੇ ਹੋਰਨਾ ਨੇ ਮਾਂ ਬੋਲੀ ਪ੍ਰਤੀ ਸੁਚੇਤ ਰਹਿਣ ਤੇ ਭਾਸ਼ਾਈ ਪਿਆਰ ਵਧਾਉਣ ਲਈ ਜ਼ੋਰ ਦਿੱਤਾ।