ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਕਿਸਾਨ (ਸਸ਼ਕਤੀਕਰਣ ਅਤੇ ਸੁਰੱਖਿਆ) ਕੀਮਤਾਂ ਦਾ ਭਰੋਸਾ ਅਤੇ ਖੇਤੀ ਸੇਵਾਵਾਂ ਕਾਨੂੰਨ 2020 , ਖੇਤੀ ਪੈਦਾਵਾਰ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤਾਂ) ਕਾਨੂੰਨ 2020 ਅਤੇ ਜਰੂਰੀ ਵਸਤੂਆਂ (ਸੋਧ) ਕਨੂੰਨ 2020 ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਤੇ ਪੰਜਾਬ ਦਾ ਇੱਕ ਹੋਰ ਨਾਮੀ ਗਾਇਕ ਕਿਸਾਨਾਂ ਦੇ ਹੱਕ ਵਿੱਚ ਉੱਤਰਿਆ ਹੈ ।ਫ਼ਿਰੋਜ਼ਪੁਰ ਫ਼ਾਜ਼ਿਲਕਾ ਜਰਨੈਲੀ ਸੜਕ ਉਪਰ ਸਥਿਤ ਮਾਹਮੂਜੋਈਆ ਟੋਲ ਪਲਾਜ਼ਾ ਉੱਪਰ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਵਿੱਚ ਪੰਜਾਬੀ ਗਾਇਕ ਦਲਜੀਤ ਚਹਿਲ 22 ਅਕਤੂਬਰ ਨੂੰ ਪੁੱਜ ਰਹੇ ਹਨ ।ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਦਲਜੀਤ ਚਹਿਲ 22 ਅਕਤੂਬਰ ਨੂੰ ਦੁਪਹਿਰ 12 ਵਜੇ ਟੋਲ ਪਲਾਜ਼ਾ ਮਾਹਮੂਜੋਈਆ ਵਿਖੇ ਪੁੱਜਣਗੇ ।ਵਰਨਣਯੋਗ ਹੈ ਕਿ ਇਸ ਪੰਜਾਬੀ ਗਾਇਕ ਵੱਲੋਂ ਦੋ ਦਿਨ ਪਹਿਲਾਂ ਜਾਰੀ ਕੀਤੇ ਗਏ ਗੀਤ ਮੈਥ ਨੇ ਦੁਨੀਆਂ ਭਰ ਵਿੱਚ ਧਮਾਲ ਮਚਾ ਦਿੱਤੀ ਹੈ ਦੁਨੀਆਂ ਭਰ ਵਿੱਚ ਲੱਖਾਂ ਸੰਗੀਤ ਪ੍ਰੇਮੀਆਂ ਨੇ ਇਸ ਸੌਂਗ ਨੂੰ ਸੁਣਿਆ ਦੇਖਿਆ ਹੈ।ਗਾਇਕ ਦਲਜੀਤ ਚਹਿਲ ਨੇ ਬਾਬੂਸ਼ਾਹੀ ਦੇ ਇਸ ਪ੍ਰਤੀਨਿਧ ਨਾਲ ਗੱਲ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਉਹ ਪੰਜਾਬੀ ਹੈ ।ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ।ਦੇਸ਼ ਭਰ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਦੇਸ਼ ਦੇ ਅੰਨਦਾਤੇ ਦੇ ਹੱਕ ਵਿੱਚ ਡਟਣ ਲਈ ਉਹ ਇੱਥੇ ਪੁੱਜ ਰਹੇ ਹਨ ਅਤੇ ਦੇਸ਼ ਭਰ ਵਿੱਚ ਕਿਸਾਨਾਂ ਦੇ ਹੋਰ ਵੀ ਸਥਾਨਾਂ ਤੇ ਚੱਲ ਰਹੇ ਮੋਰਚਿਆਂ ਉੱਪਰ ਉਹ ਸ਼ਾਮਲ ਹੋ ਕੇ ਆਪਣਾ ਪੰਜਾਬ ਦੇ ਪੁੱਤਰ ਹੋਣ ਦਾ ਫਰਜ਼ ਨਿਭਾਉਣਗੇ ।