ਜਲੰਧਰ – ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵੀਰਵਾਰ ਨੂੰ ਪਿੰਡਾਂ ਦੀਆਂ ਪੰਚਾਇਤਾਂ ਨੂੰ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵੱਲੋਂ ਸੋਲਰ ਸਟਰੀਟ ਲਾਈਟਾਂ ’ਤੇ ਸਬਸਿਡੀ ਦੇਣ ਦੀ ਸ਼ੁਰੂ ਕੀਤੀ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ ।ਸਕੀਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੋਲਰ ਸਟਰੀਟ ਲਾਈਟਾਂ ਦੀ ਲਾਗਤ 14259 ਰੁਪਏ ਹੈ ਅਤੇ ਪੇਡਾ ਵੱਲੋਂ ਪ੍ਰਤੀ ਸੋਲਰ ਸਟਰੀਟ ਲਾਈਟਾਂ ਉਤੇ 30 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੇਡਾ ਵੱਲੋਂ ਪੰਜ ਸਾਲਾਂ ਤੱਕ ਸੋਲਰ ਸਟਰੀਟ ਲਾਈਟਾਂ ਦਾ ਰੱਖ-ਰਖਾਅ ਕੀਤਾ ਜਾਵੇਗਾ ਅਤੇ ਹਰ ਸਟਰੀਟ ਲਾਈਟ ‘ਤੇ ਪੰਜ ਸਾਲਾ ਦੀ ਵਾਰੰਟੀ ਦਿੱਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ ਪੇਡਾ ਵੱਲੋਂ 19000 ਸੋਲਰ ਸਟਰੀਟਾਂ ਲਾਈਟਾਂ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਹ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਅਥਾਰਟੀਆਂ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਲਗਾਈਆਂ ਜਾਣਗੀਆਂ।ਉਨ੍ਹਾਂ ਪੰਚਾਇਤਾਂ ਨੂੰ ਪੇਡਾ ਤੋਂ ਸੋਲਰ ਸਟਰੀਟ ਲਾਈਟਾਂ ਲੈਣ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੋਲਰ ਸਟਰੀਟ ਲਾਈਟਾਂ ‘ਤੇ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਅਧਾਰ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਚਾਇਤਾਂ ਨੂੰ ਇਸ ਸਕੀਮ ਬਾਰੇ ਜਾਗਰੂਕਤਾ ਕੈਂਪਾਂ ਰਾਹੀਂ ਵੀ ਜਾਣਕਾਰੀ ਦਿੱਤੀ ਜਾਵੇਗੀ।