ਨਵੀਂ ਦਿੱਲੀ –ਦੇਸ਼ ਵਿੱਚ 62 ਦਿਨਾਂ ਦੇ ਲੰਬੇ ਵਕਫੇ ਬਾਅਦ 25 ਮਈ ਤੋਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋਵੇਗੀ। ਸ਼ਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਹਵਾਈ ਅੱਡਿਆਂ ਅਤੇ ਹਵਾਈ ਕੰਪਨੀਆਂ ਨੂੰ 25 ਮਈ ਤੋਂ ਉਡਾਣਾਂ ਸ਼ੁਰੂ ਕਰਨ ਦੇ ਲਈ ਆਖਿਆ ਗਿਆ ਹੈ। ਦੇਸ਼ ਵਿੱਚ ਕੌਮਾਂਤਰੀ ਉਡਾਣਾਂ 23 ਮਾਰਚ ਅਤੇ ਘਰੇਲੂ ਉਡਾਣਾਂ 25 ਮਾਰਚ ਤੋਂ ਬੰਦ ਹਨ। ਹਵਾਬਾਜੀ ਮੰਤਰਾਲਾ ਨੇ ਪਿਛਲੇ ਦਿਨੀਂ ਹਵਾਈ ਕੰਪਨੀਆਂ ਨੂੰ ਟਿਕਟਾਂ ਦੀ ਬੁਕਿੰਗ ਕਰਨ ਲਈ ਕਿਹਾ ਸੀ। ਲੌਕਡਾਊਨ ਫੇਸ-4 ਵਿੱਚ ਉਡਾਣਾਂ ਉੱਪਰ ਪਾਬੰਦੀ ਜਾਰੀ ਰਹੇਗੀ। ਇੱਕ ਰਿਪੋਰਟ ਦੇ ਮੁਤਾਬਕ ਦੇਸ਼ ਵਿੱਚ ਹਰ ਮਹੀਨੇ ਔਸਤਨ 1.3 ਕਰੋੜ ਅਤੇ ਸਾਲਾਨਾ 14 ਕਰੋੜ ਘਰੇਲੂ ਉਡਾਣਾਂ ਰਾਹੀਂ ਸਫਰ ਕਰਦੇ ਹਨ। 2019 ਵਿੱਚ ਦੇਸ਼ ‘ਚ ਤਕਰੀਬਨ 7 ਕਰੋੜ ਲੋਕਾਂ ਨੇ ਕੌਮਾਂਤਰੀ ਉਡਾਣਾਂ ਰਾਹੀਂ ਸਫਰ ਕੀਤਾ ਹੈ। ਸ਼ਹਿਰੀ ਹਵਾਬਾਜੀ ਮੰਤਰਾਲਾ ਨੇ ਇਸ ਤੋਂ ਪਹਿਲਾਂ 13 ਮਈ ਨੂੰ ਸਾਰੀਆਂ ਏਅਰਲਾਈਨਜ਼ ਅਤੇ ਏਅਰਫੋਰਸਿਸ ਅਪਰੇਟਰਜ਼ ਦੇ ਲਈ ਸਟੈਂਡਰਡ ਅਪਰੇਟਿੰਗ ਪ੍ਰਸੀਜਰ (ਐੱਸ.ਓ.ਪੀ.) ਜਾਰੀ ਕੀਤਾ ਸੀ। ਜਿਸ ਅਨੁਸਾਰ ਉਡਾਣਾਂ ਸ਼ੁਰੂ ਹੋਣ ਤੋਂ ਪਹਿਲੇ ਫੇਸ ਵਿੱਚ 80 ਸਾਲ ਤੋਂ ਉੱਪਰ ਦੇ ਵਿਅਕਤੀ ਨੂੰ ਯਾਤਰਾ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਸ਼ੁਰੂਆਤੀ ਪੜਾਅ ਵਿੱਚ ਕੈਬਨਿਟ ਬੈਗ ਲੈ ਕੇ ਜਾਣ ਦੀ ਇਜਾਜਤ ਨਹੀਂ ਹੈ। ਜੇਕਰ ਕਿਸੇ ਯਾਤਰੀ ਜਾਂ ਸਟਾਫ ਵਿੱਚ ਵਾਇਰਸ ਦਾ ਕੋਈ ਲੱਛਣ ਦਿਖਾਈ ਨਹੀਂ ਦੇ ਰਿਹਾ ਹੈ ਅਤੇ ਅਰੋਗਿਆ ਸੇਤੂ ਐਪ ਉੱਪਰ ਗਰੀਨ ਸਿਗਨਲ ਨਹੀਂ ਆ ਰਿਹਾ ਹੈ ਤਾਂ ਅਜਿਹੇ ਵਿਅਕਤੀ ਨੂੰ ਏਅਰਫੋਰਸ ਟਰਮੀਨਲ ਬਿਲਡਿੰਗ ਵਿੱਚ ਦਾਖਲ ਹੋਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਯਾਤਰੀ ਆਪਣੇ ਨਾਲ ਕੇਵਲ ਇੱਕ 20 ਕਿਲੋ ਦਾ ਬੈਗ ਲਿਜਾ ਸਕੇਗਾ। ਯਾਤਰੀਆਂ ਲਈ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਜ਼ਰੂਰੀ ਹੋਵੇਗਾ। ਫਲਾਈਟ ਵਿੱਚ ਸੋਸ਼ਲ ਡਿਸਟੈਂਸ ਰੱਖਣਾ ਜ਼ਰੂਰੀ ਹੋਵੇਗਾ। ਹਾਲਾਂਕਿ ਇਸ ਦੇ ਲਈ ਦੋ ਸੀਟਾਂ ਦੇ ਵਿਚਾਲੇ ਇੱਕ ਸੀਟ ਖਾਲੀ ਰੱਖਣ ਦੀ ਗੱਲ ਹਾਲੇ ਡਰਾਫਟ ਵਿੱਚ ਸਪੱਸ਼ਟ ਨਹੀਂ ਕੀਤੀ ਗਈ ਹੈ। ਯਾਤਰੀਆਂ ਨੂੰ ਮਾਸਕ, ਗਲਵਜ਼, ਜੁੱਤੇ ਅਤੇ ਪੀ.ਪੀ.ਈ. ਕਿੱਟ ਪਹਿਨਣਾ ਜ਼ਰੂਰੀ ਹੋਵੇਗਾ। ਕੇਵਲ ਵੈੱਬ ਚੈਕ ਇਨ ਹੋਵੇਗਾ। ਬਹੁਤ ਜ਼ਰੂਰਤ ਪੈਣ ‘ਤੇ ਹੀ ਪ੍ਰਿਟਿੰਡ ਬੋਡਿੰਗ ਪਾਸ ਅਤੇ ਚੈਕ ਇਨ ਬੈਗਜ਼ ਦਿੱਤੇ ਜਾਣਗੇ। ਯਾਤਰੀ ਨੂੰ ਯਾਤਰਾ ਤੋਂ ਦੋ ਘੰਟੇ ਪਹਿਲਾਂ ਹਵਾਈ ਅੱਡੇ ‘ਤੇ ਪਹੁੰਚਣਾ ਜ਼ਰੂਰੀ ਹੋਵੇਗਾ।