ਸਰੀ – ਆਪਣੇ ਮਾਪਿਆਂ ਨੂੰ ਪੱਕੇ ਤੌਰ ਤੇ ਕੈਨੇਡਾ ਬੁਲਾਉਣ ਲਈ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਕੈਨੇਡੀਅਨਾਂ ਲਈ ਸਰਕਾਰ ਵੱਲੋਂ ਅਰਜ਼ੀਆਂ ਲੈਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਨੇ ਇਸ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਹੁਣ ਕੈਨੇਡਾ ਦੇ ਸਿਟੀਜ਼ਨ ਅਤੇ ਪੀ.ਆਰ. ਕੈਨੇਡੀਅਨ ਆਪਣੇ ਮਾਪਿਆਂ ਅਤੇ ਦਾਦਾ-ਦਾਦੀ, ਨਾਨਾ-ਨਾਨੀ ਨੂੰ ਪੱਕੇ ਤੌਰ ‘ਤੇ ਮੰਗਵਾਉਣ ਲਈ ਲਾਟਰੀ ਸਿਸਟਮ ਰਾਹੀਂ ਅਰਜ਼ੀ ਦੇ ਸਕਦੇ ਹਨ। ਇਹ ਅਰਜ਼ੀਆਂ 13 ਅਕਤੂਬਰ ਤੋਂ 3 ਨਵੰਬਰ 2020 ਤੱਕ ਆਨਲਾਈਨ ਲਈਆਂ ਜਾਣਗੀਆਂ ਅਤੇ ਪ੍ਰਾਪਤ ਹੋਈਆਂ ਅਰਜ਼ੀਆਂ ਵਿੱਚੋਂ ਲਾਟਰੀ ਸਿਸਟਮ ਨਾਲ 10,000 ਅਰਜ਼ੀਆਂ ਚੁਣੀਆਂ ਜਾਣਗੀਆਂ।ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਕਰੋਨਾ ਮਹਾਂਮਾਰੀ ਕਾਰਨ ਇਸ ਸਾਲ ਜਨਵਰੀ ਵਿਚ ਲਾਗੂ ਨਹੀਂ ਕੀਤਾ ਜਾ ਸਕਿਆ ਸੀ ਅਤੇ ਕੁਝ ਸਮੇਂ ਲਈ ਅੱਗੇ ਪਾ ਦਿੱਤਾ ਗਿਆ ਸੀ। ਇਸ ਸਾਲ ਘੱਟੋ-ਘੱਟ ਆਮਦਨ ਦੀ 30% ਵਾਲੀ ਸ਼ਰਤ ਵੀ ਕੁਝ ਨਰਮ ਕੀਤੀ ਗਈ ਹੈ। ਇਮੀਗਰੇਸ਼ਨ ਮੰਤਰੀ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਸ ਕੈਟਾਗਰੀ ਤਹਿਤ ਅਗਲੇ ਸਾਲ 2021 ਵਿਚ 30 ਹਜ਼ਾਰ ਅਰਜ਼ੀਆਂ ਮਨਜ਼ੂਰ ਕੀਤੀਆਂ ਜਾਣਗੀਆਂ।