ਬਠਿੰਡਾ, 30 ਸਤੰਬਰ 2020 – ਪੰਜਾਬ ’ਚ ਜਦੋਂ ਵੀ ਕਿਸਾਨ ਧਿਰਾਂ ਨੇ ਰੇਲਾਂ ਜਾਮ ਕਰਨ ਵਾਲਾ ਸੰਘਰਸ਼ ਚਲਾਇਆ ਹੈ ਤਾਂ ਅਕਸਰ ਸਫਲਤਾ ਨੇ ਕਿਸਾਨਾਂ ਦੇ ਕਦਮ ਚੁੰਮੇ ਹਨ। ਹੁਣ ਪਹਿਲੀ ਅਕਤੂਬਰ ਤੋਂ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਜਦੋਂ ਪੰਜਾਬ ਦੀਆਂ 31 ਕਿਸਾਨ ਜੱਥੇਬੰਦੀਆਂ ਨੇ ਰੇਲਾਂ ਰੋਕਣ ਦਾ ਐਲਾਨ ਕਰ ਦਿੱਤਾ ਹੈ ਤਾਂ ਮੁਲਕ ਦੀਆਂ ਨਜ਼ਰਾਂ ਇਸ ਸੰਘਰਸ਼ ‘ਤੇ ਟਿਕ ਗਈਆਂ ਹਨ। ਦਰਅਸਲ ਰੇਲ ਰੋਕੋ ਸੰਘਰਸ਼ ਦੀ ਪਹਿਲੀ ਵਾਰ 25 ਜਨਵਰੀ 2000 ਨੂੰ ਤੱਤਕਾਲੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਖਿਲਾਫ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੇਠੂਕੇ ਤੋਂ ਸ਼ੁਰੂਆਤ ਹੋਈ ਸੀ। ਇੰਨੀਂ ਦਿਨੀਂ ਮਿੰਨੀ ਬੱਸ ਓਪਰੇਟਰ ਕਿੱਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਵਸੂਦੇ ਸਨ ਜਿਸ ਦਾ ਵਿਰੋਧ ਹੋ ਰਿਹਾ ਸੀ।
ਇਸ ਮੌਕੇ ਕਿਸਾਨਾਂ ਮਜਦੂਰਾਂ ਨੇ ਸੰਘਰਸ਼ ਚਲਾਇਆ। ਜਦੋਂ ਪੰਜਾਬ ਸਰਕਾਰ ਨੇ ਮਸਲਾ ਹੱਲ ਨਾ ਕੀਤਾ ਤਾਂ ਸੰਘਰਸ਼ ਕਰ ਰਹੇ ਲੋਕਾਂ ਨੇ ਪਿੰਡ ਜੇਠੂਕੇ ਦਾ ਨਾਲ ਲੰਘਦੀਆਂ ਰੇਲ ਪਟੜੀਆਂ ‘ਤੇ ਧਰਨਾ ਲਾ ਦਿੱਤਾ। ਪੁਲਿਸ ਨੇ ਰੇਲ ਟਰੈਕ ਖਾਲੀ ਕਰਵਾਉਣ ਲਈ ਪੁਲਿਸ ਨੇ ਪਹਿਲਾਂ ਲਾਠੀਚਾਰਜ ਕੀਤਾ ਅਤੇ ਬਾਅਦ ’ਚ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਗੋਲੀ ਨਾਲ ਦੋ ਖੇਤ ਮਜਦੂਰ ਦੇਸ਼ਪਾਲ ਸਿੰਘ ਅਤੇ ਗੁਰਮੀਤ ਸਿੰਘ ਦੀ ਮੌਤ ਹੋ ਗਈ। ਦੋ ਮੌਤਾਂ ਹੋ ਜਾਣ ਉਪਰੰਤ ਸੰਘਰਸ਼ ਐਨਾ ਤੇਜ਼ ਹੋ ਗਿਆ ਕਿ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਹੋਣਾ ਪਿਆ। ਜਿਕਰਯੋਗ ਹੈ ਕਿ ਪੁਲਿਸ ਰਿਕਾਰਡ ’ਚ ਅੱਜ ਵੀ ਪਿੰਡ ਜੇਠੂ ਕੇ ਕੋਲ ਵਾਲਾ ਇਹ ਰੇਲ ਟਰੈਕ ਅੱਜ ਵੀ ਅਤੀ-ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਅਤੇ ਪੁਲਿਸ ਇਸ ਤੋਂ ਤ੍ਰਹਿੰਦੀ ਹੈ।
ਇਸੇ ਤਰ੍ਹਾਂ ਹੀ ਕਿਸਾਨੀ ਨਾਲ ਜੁੜੇ ਰੇਲ ਰੋਕੋ ਅੰਦੋਲਨ ਦਾ ਦੂਸਰਾ ਵੱਡਾ ਮਾਮਲਾ ਸਤੰਬਰ 2000 ਦੌਰਾਨ ਸਾਹਮਣੇ ਆਇਆ ਸੀ। ਇਸ ਮੌਕੇ ਵੀ ਅੱਜ ਦੀ ਤਰ੍ਹਾਂ ਕੇਂਦਰ ’ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਜਦੋਂ ਕਿ ਪੰਜਾਬ ’ਚ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ। ਉਸ ਵਕਤ ਸਰਕਾਰ ਵੱਲੋਂ ਪਿਛਲੇ ਸਾਲ ਨਾਲੋਂ ਝੋਨੇ ਦਾ ਭਾਅ 30 ਰੁਪਏ ਘਟਾ ਦਿੱਤਾ ਗਿਆ। ਜਦੋਂ ਲੰਮੇ ਸੰਘਰਸ਼ ਤੋਂ ਬਾਅਦ ਵੀ ਸਰਕਾਰ ਨੇ ਗੱਲ ਨਾ ਸੁਣੀ ਤਾਂ ਅੱਧੀ ਦਰਜਨ ਜੱਥੇਬੰਦੀਆਂ ਨੇ ਰੇਲਾਂ ਰੋਕ ਦਿੱਤੀਆਂ। ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ ਅਤੇ ਝੋਨੇ ਦਾ ਘੱਟ ਕੀਤਾ ਮੁੱਲ ਪੂਰਾ ਕਰ ਦਿੱਤਾ ਸੀ।
ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਦੋ ਕਿਸਾਨ ਜੱਥੇਬੰਦੀਆਂ ਵੱਲੋਂ ਮਾਰਚ 2003 ’ਚ ਵੀ ਕੀਤੀ ਗਈ ਸੀ। ਕਿਸਾਨ ਜੱਥੇਬੰਦੀਆਂ ਨੇ ਖੇਤੀ ਖੇਤਰ ਦੇ ਟਿਊਬਵੈਲਾਂ ਦੇ ਬਿੱਲ ਲਾਉਣ ਖਿਲਾਫ 24 ਘੰਟੇ ਲਈ ਰੇਲਾਂ ਦੇ ਪਹੀਏ ਜਾਮ ਕਰ ਦਿੱਤੇ ਤਾਂ ਕਿਸਾਨਾਂ ਦੀਆਂ ਪੁਲਿਸ ਨਾਲ ਤਿੱਖੀਆਂ ਝੜਪਾ ਹੋਈਆਂ। ਇਸ ਮੌਕੇ ਵੀ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਇੱਕ ਨੌਜਵਾਨ ਮਾਰਿਆ ਗਿਆ ਸੀ। ਕਿਸਾਨ ਦੀ ਮੌਤ ਉਪਰੰਤ ਕਿਸਾਨ ਜੱਥੇਬੰਦੀਆਂ ਦੇ ਤਿੱਖੇ ਹੋਏ ਤੇਵਰਾਂ ਨੂੰ ਦੇਖਦਿਆਂ ਹੱਥਾ ਪੈਰਾਂ ’ਚ ਆਈ ਪੰਜਾਬ ਸਰਕਾਰ ਨੇ ਖੇਤੀ ਮੋਟਰਾਂ ਤੇ ਬਿੱਲ ਲਾਉਣ ਵਾਲਾ ਫੈਸਲਾ ਵਾਪਿਸ ਲੈ ਲਿਆ ਅਤੇ ਕਿਸਾਨ ਸੰਘਰਸ਼ ਦੀ ਇੱਕ ਵਾਰ ਫਿਰ ਜਿੱਤ ਹੋਈ।
ਬਠਿੰਡਾ ਜ਼ਿਲ੍ਹਾ ਇੱਕ ਵਾਰ ਮੁੜ ਸਤੰਬਰ 2003 ਨੂੰ ਰੇਲ ਰੋਕੋ ਸੰਘਰਸ਼ ਦਾ ਗਵਾਹ ਬਣਿਆ ਜਦੋਂ ਪਿੰਡ ਭਾਈ ਬਖਤੌਰ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਬਠਿੰਡਾ-ਦਿੱਲੀ ਸੈਕਸ਼ਨ ਤੇ ਰੇਲ ਪਟੜੀ ਜਾਮ ਕਰ ਦਿੱਤੀ। ਇਸ ਮੌਕੇ ਵੀ ਕਿਸਾਨਾਂ ਅਤੇ ਪੁਲਿਸ ’ਚ ਟਕਰਾ ਹੋ ਗਿਆ। ਪੁਲਿਸ ਲਾਠੀਚਾਰਜ ਕਾਰਨ ਮੌੜ ਚੜਤ ਸਿੰਘ ਵਾਲਾ ਦਾ ਕਿਸਾਨ ਗੁਰਦੇਵ ਸਿੰਘ ਮਾਰਿਆ ਗਿਆ ਜਦੋਂਕਿ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਲੱਤ ਤੋੜ ਦਿੱਤੀ ਗਈ। ਮਾਨਸਾ ਜ਼ਿਲ੍ਹੇ ਦੇ ਰਾਮ ਸਿੰਘ ਭੈਣੀਬਾਘਾ ਅਤੇ ਕਾਫੀ ਕਿਸਾਨਾਂ ਨੂੰ ਥਾਣੇ ਲਿਜਾ ਕੇ ਬੇਰਹਿਮੀ ਨਾਲ ਕੁੱਟਿਆ ਮਾਰਿਆ ਗਿਆ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਉਸ ਵਕਤ ਦੀ ਕਾਂਗਰਸ ਸਰਕਾਰ ਨੂੰ ਬਿਜਲੀ ਬੋਰਡ ਦੇ ਨਿਗਮੀਕਰਨ ਤੋਂ ਪੈਰ ਪਿੱਛੇ ਹਟਾਉਣੇ ਪਏ ਸਨ।
ਏਦਾਂ ਹੀ ਕਿਸਾਨਾਂ ਨੇ ਤੱਤਕਾਲੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਖਿਲਾਫ ਵੀ ਅਕਤੂਬਰ 2010 ’ਚ ਰੇਲ ਰੋਕੋ ਅੰਦੋਲਨ ਚਲਾਇਆ ਸੀ। ਇਹ ਧਰਨੇ ਵੀ ਲਗਾਤਾਰ ਪੰਜ ਦਿਨ ਚੱਲੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਕਿਸਾਨਾਂ ਮਜਦੂਰਾਂ ਦੀਆਂ ਕਈ ਗੱਲਾਂ ਮੰਨਣੀਆਂ ਪਈਆਂ। ਅਪਰੈਲ 2015 ਵਿੱਚ ਬੀਕੇਯੂ ਉਗਰਾਹਾਂ ਅਤੇ ਕਿਸਾਨ ਸੰਘਰਸ਼ ਕਮੇਟੀ ਨੇ ਤਿੰਨ ਥਾਵਾਂ ਤੇ ਕਣਕ ਦੇ ਘਟਾਏ ਭਾਅ ਨੂੰ ਲੈਕੇ ਕੇਂਦਰ ਸਰਕਾਰ ਨੂੰ ਚੁਣੌਤੀ ਦਿੱਤੀ ਜਿਸ ’ਚ ਕਿਸਾਨ ਜੇਤੂ ਰਹੇ । ਜਾਣਕਾਰੀ ਅਨੁਸਾਰ ਕਿਸਾਨਾਂ ਨੇ ਲੰਘੇ 20 ਵਰਿਆਂ ਦੌਰਾਨ ਕਰੀਬ ਡੇਢ ਦਰਜਨ ਵਾਰ ਰੇਲ ਪਟੜੀਆਂ ਨੂੰ ਨਿਸ਼ਾਨਾ ਬਣਾਇਆ। ਕਈ ਵਾਰ ਮੁਕੰਮਲ ਤੇ ਕਈ ਵਾਰ ਅੰਸ਼ਕ ਜਿੱਤ ਹੋਈ ਪਰ ਕਿਸਾਨ ਰੇਲ ਰੋਕਾ ਦੀ ਧਮਕ ਪਾਉਣ ’ਚ ਸਫਲ ਰਹੇ।