ਨਵੀਂ ਦਿੱਲੀ, 29 ਸਤੰਬਰ, 2020 : ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੇ ਸਾਰੇ ਆਗੂ ਤੇ ਵਰਕਰ ਭਾਜਪਾ ਨਾਲ ਸਾਂਝ ਵਾਲੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣਗੇ।
ਇਥੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਲਕਾ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਤੇ ਐਨ ਡੀ ਏ ਨਾਲ ਗਠਜੋੜ ਤੋੜਨ ਦਾ ਐਲਾਨ ਕੀਤਾ ਹੈ ਤੇ ਉਹਨਾਂ ਦੇ ਐਲਾਨ ਮੁਤਾਬਕ ਦਿੱਲੀ ਇਕਾਈ ਨੇ ਅੱਜ ਹੋਈ ਮੀਟਿੰਗ ਵਿਚ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਅਹੁਦਿਆਂ ‘ਤੇ ਭਾਜਪਾ ਨਾਲ ਸਾਂਝ ਹੈ, ਉਹ ਖਤਮ ਕਰਦਿਆਂ ਪਾਰਟੀ ਦੇ ਸਾਰੇ ਆਗੂ ਤੇ ਵਰਕਰ ਆਪੋ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ। ਉਹਨਾਂ ਦੱਸਿਆ ਕਿ ਸ੍ਰੀਮਤੀ ਮਨਪ੍ਰੀਤ ਕੌਰ ਕਾਲਕਾ ਨੇ ਨਗਰ ਨਿਗਮ ਦਿੱਲੀ ਦੱਖਣੀ ਵਿਚ ਸੌਂਪੀ ਗਈ ਡਿਪਟੀ ਚੇਅਰਪਰਸਨ ਦੀ ਜ਼ਿੰਮੇਵਾਰੀ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ।
ਇਕ ਸਵਾਲ ਦੇ ਜਵਾਬ ਵਿਚ ਸ੍ਰੀ ਕਾਲਕਾ ਨੇ ਕਿਹਾ ਕਿ ਆਗੂਆਂ ਨੇ ਆਪੋ ਆਪਣੇ ਪੱਧਰ ‘ਤੇ ਅਸਤੀਫਾ ਦੇਣਾ ਹੈ ਤੇ ਉਹ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਹ ਅਸਤੀਫਾ ਦੇਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਭਾਜਪਾ ਨਾਲ ਕੋਈ ਸਾਂਝ ਨਹੀਂ ਰਹੀ ਤੇ ਪਾਰਟੀ ਦੀ ਕੌਮੀ ਲੀਡਰਸ਼ਿਪ ਦੇ ਫੈਸਲੇ ਅਨੁਸਾਰ ਅਸੀਂ ਹੁਣ ਆਪਣਾ ਅਗਲਾ ਸਿਆਸੀ ਸਫਰ ਇਕੱਲਿਆਂ ਹੀ ਤੈਅ ਕਰਾਂਗੇ।
ਯਾਦ ਰਹੇ ਕਿਸ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਸ਼ਨੀਵਾਰ ਨੂੰ ਚੰਡੀਗੜ• ਵਿਚ ਹੋਈ ਮੀਟਿੰਗ ਵਿਚ ਮੈਂਬਰਾਂ ਨੇ ਸਰਬਸੰਮਤੀ ਨਾਲ ਭਾਜਪਾ ਨਾਲ ਗਠਜੋੜ ਤੋੜਨ ਅਤੇ ਐਨ ਡੀ ਏ ਵਿਚੋਂ ਬਾਹਰ ਆਉਣ ਦਾ ਫੈਸਲਾ ਕੀਤਾ ਸੀ।