ਚੰਡੀਗੜ੍ਹ, 19 ਸਤੰਬਰ 2020 – ਖੇਤੀ ਆਰਡੀਨੈਂਸਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੇ ਕੇਂਦਰੀ ਦੀ ਮੋਦੀ ਸਰਕਾਰ ਨੂੰ ਪੰਜਾਬ ਦਾ ਸੰਘਰਸ਼ੀ ਵਿਰਸਾ ਯਾਦ ਦਿਵਾਉਂਦਿਆਂ ਕੰਧ ਤੇ ਲਿਖਿਆ ਪੜ੍ਹਨ ਦੀ ਨਸੀਹਤ ਦਿੱਤੀ ਹੈ। ਕਿਸਾਨਾਂ ਨੇ ਆਖਿਆ ਹੈ ਕਿ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਜਿਸ ਨੂੰ ਮੋਦੀ ਸਰਕਾਰ ਨੂੰ ਚੇਤੇ ਰੱਖਣਾ ਚਾਹੀਦਾ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਪੰਜਾਬ ਦੇ ਸੈਂਕੜੇ ਪਿੰਡਾਂ ’ਚ ਕਿਸਾਨਾਂ ਨੇ ਕੇਂਦਰ ਦੀਆਂ ਅਰਥੀਆਂ ਸਾੜੀਆਂ ਅਤੇ ਇਹ ਤੱਥ ਰੱਖੇ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂਆਂ ਬੂਟਾ ਸਿੰਘ ਬੁਰਜਗਿੱਲ, ਜਗਮੋਹਣ ਸਿੰਘ ਪਟਿਆਲਾ ਦਾ ਕਹਿਣਾ ਸੀ ਕਿ ਪੰਜਾਬ ਦਾ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ, ਦੁੱਲਾ ਭੁੱਟੀ, ਚਾਚਾ ਅਜੀਤ ਸਿੰਘ ਦੀ ਪਗੜੀ ਸੰਭਾਲ ਜੱਟਾ ਲਹਿਰ ਅਤੇ ਪੈਪਸੂ ਦੀ ਮੁਜਾਰਾ ਲਹਿਰ ਦਾ ਸੂਰਮਗਤੀ ਵਾਲਾ ਹੈ। ਉਨਾਂ ਆਖਿਆ ਕਿ ਪੰਜਾਬੀਆਂ ਨੇ ਰਾਜੇ ਰਜਵਾੜਿਆਂ, ਜਗੀਰਦਾਰਾਂ ਖਿਲਾਫ ਜੂਝਦਿਆਂ ਸ਼ਹਾਦਤਾਂ ਦੇਕੇ ਜਮੀਨਾਂ ਦੀਆਂ ਰਾਖੀ ਕੀਤੀ ਸੀ ਇਸ ਲਈ ਉਹ ਹੁਣ ਦੇ ਸਰਮਾਏਦਾਰ ਘਰਾਣਿਆਂ ਨੂੰ ਜ਼ਮੀਨਾਂ ਸੌਂਪਣ ਖਿਲਾਫ ਵੀ ਲੜਾਈ ਲੜਨ ਲਈ ਤਿਆਰ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਨਾ ਸਿਰਫ ਕਿਸਾਨ ਬਲਕਿ ਉਹ ਹੋਰਨਾਂ ਪ੍ਰਭਾਵਿਤ ਤਬਕਿਆਂ ਨੂੰ ਨਾਲ ਲ਼ੈ ਕੇ ਸੰਘਰਸ਼ ਦਾ ਘੇਰਾ ਵਿਸ਼ਾਲ ਅਤੇ ਤਿੱਖਾ ਕਰਨਗੇ ਅਤੇ ਮੋਦੀ ਸਰਕਾਰ ਨੂੰ ਇਹ ਆਰਡੀਨੈਂਸ (ਬਿੱਲ) ਵਾਪਸ ਲੈਣ ਲਈ ਆਪਣੇ ਸੰਘਰਸ਼ਾਂ ਦੇ ਜੋਰ ਨਾਲ ਮਜਬੂਰ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਕਿੱਤੇ ਵਿਰੋਧੀ ਆਰਡੀਨੈਂਸਾਂ ਨੂੰ ਆਪਣੇ ਵੱਡੇ ਬਹੁਮੱਤ ਦੇ ਆਸਰੇ ਲੋਕ ਸਭਾ ਵਿੱਚੋਂ ਪਾਸ ਕਰਵਾ ਲਿਆ ਹੈ ਪਰ ਕਿਸਾਨਾਂ,ਮਜਦੂਰਾਂ ਤੇ ਹੋਰ ਵਰਗਾਂ ਨੇ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲਖਿਲਾਫ ਪੰਜਾਬ ਦੀ ਧਰਤੀ ਨੂੰ ਸੰਘਰਸ਼ਾਂ ਦਾ ਅਖਾੜਾ ਬਣਾ ਲਿਆ ਹੈ। ਆਗੂਆਂ ਕਿਹਾ ਕਿ ਆਰਡੀਨੈਂਸਾਂ (ਬਿੱਲਾਂ) ਦਾ ਮਾਰੂ ਅਸਰ ਸਿਰਫ ਕਿਸਾਨੀ ਤੱਕ ਸੀਮਤ ਰਹਿਣ ਵਾਲਾ ਨਹੀਂ ਸਗੋਂ ਇਸ ਦਾ ਅਸਰ ਆੜਤੀਆਂ, ਰੇਤ, ਤੇਲ, ਬੀਜ ਡੀਲਰਾਂ ਅਤੇ ਮੰਡੀਆਂ ਵਿੱਚ ਕੰਮ ਕਰਦੇ ਲੱਖਾਂ ਕਿਰਤੀ ਪਰਿਵਾਰਾਂ ਉੱਪਰ ਵੀ ਪਵੇਗਾ। ਉਨ੍ਹਾਂ ਕਿਹਾ ਕਿ ਜਰੂਰਤ ਤਾਂ ਮੰਡੀਕਰਨ ਪ੍ਰਬੰਧਾਂ ਨੂੰ ਮਜਬੂਤ ਕਰਕੇ ਕਿਸਾਨਾਂ ਨੂੰ ਰਾਹਤ ਅਤੇ ਆਰਥਿਕ ਮਜਬੂਤੀ ਕਰਨ ਦੀ ਸੀ ਪਰ ਸਰਕਾਰ ਨੇ ਤਾਂ ਮੰਡੀਆਂ ਦਾ ਭੋਗ ਪਾਉਣ ਦਾ ਫੈਸਲਾ ਕਰ ਲਿਆ ਹੈ ।
ਆਗੂਆਂ ਨੇ ਅਕਾਲੀ ਦਲ ਬਾਦਲ ਅਤੇ ਕਾਂਗਰਸੀਆਂ ਵੱਲੋਂ ਇਸ ਮਾਮਲੇ ਤੇ ਦਿਖਾਈ ਜਾ ਰਹੇ ਅਖੌਤੀ ਹੀਜ ਪਿਆਜ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਸਿਆਸੀ ਪਾਰਟੀਆਂ ਕੁੱਝ ਵੀ ਕਹਿਣ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀ ਨੀਤੀ ਲਾਗੂ ਕਰਨ ਦੇ ਪ੍ਰਸੰਗ ‘ਚ ਦੋਵੇਂ ਅੰਦਰੋ ਅੰਦਰੀ ਘਿਉ ਖਿਚੜੀ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਕਿਸਾਨ ਹੱਕਾਂ ਦੇ ਲਈ ਨਹੀਂ ਸਗੋਂ ਕਿਸਾਨ ਸੰਘਰਸ਼ ਦੇ ਦਬਾਅ ਦਾ ਸਿੱਟਾ ਹੈ। ਆਗੂਆਂ ਕਿਹਾ ਕਿ ਜੇਕਰ ਅਕਾਲੀ ਦਲ ਬਾਦਲ ਨੂੰ ਹੁਣ ਭਾਜਪਾ ਨਾਲੋਂ ਤੁਰੰਤ ਨਾਤਾ ਤੋੜਕੇ ਕਿਸਾਨਾਂ ਦੇ ਹੱਥ ’ਚ ਖੜਨਾ ਚਾਹੀਦਾ ਹੈ। ਆਗੂਆਂ ਨੇ ਦੱਸਿਆ ਕਿ 25 ਸਤੰਬਰ ਦਾ ਪੰਜਾਬ ਬੰਦ ਸਫਲ ਬਨਾਉਣ ਲਈ ਲਾਮਬੰਦੀ ਮੁਹਿੰਮ ਤਹਿਤ ਹਫਤਾ ਭਰ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾ ਰਹੀਆਂ ਹਨ ਜਿਸ ਤਹਿਤ ਹੁਣ ਤੱਕ ਕਿਸਾਨ ਸੈਂਕੜੇ ਪਿੰਡਾਂ ਵਿਚ ਅਰਥੀ ਫੂਕੀ ਮੁਜਾਹਰੇ ਕਰ ਚੁੱਕੇ ਹਨ। ਉਨਾਂ ਪੰਜਾਬ ਦੇ ਸਮੂਹ ਵਰਗਾਂ ਨੂੰ ਬੰਦ ਸਫਲ ਬਣਾਕੇ ਮੋਦੀ ਸਰਕਾਰ ਨੂੰ ਪੈਰ ਪਿੱਛੇ ਹਟਾਉਣ ਲਈ ਮਜਬੂਰ ਕਰਨਾ ਦਾ ਸੱਦਾ ਵੀ ਦਿੱਤਾ।