ਸ੍ਰੀ ਮੁਕਤਸਰ ਸਾਹਿਬ, 13 ਸਤੰਬਰ 2020 – ਸ੍ਰੀ ਮੁਕਤਸਰ ਸਾਹਿਬ ਦੇ ਇੱਕ ਹੋਰ ਨਿੱਜੀ ਸਕੂਲ ਦੀ ਸ਼ਿਕਾਇਤ ਮਾਪਿਆਂ ਵਲੋਂ ‘ਆਸਕ ਦ ਕੈਪਟਨ’ ਲਾਈਵ ਪ੍ਰੋਗਰਾਮ ਵਿੱਚ ਕੀਤੀ ਗਈ ਹੈ। ਮਾਪਿਆਂ ਅਨੁਸਾਰ ਫੀਸ ਨਾ ਭਰਨ ਕਾਰਨ ਉਨ੍ਹਾਂ ਦੀ ਬੱਚੀ ਨੂੰ ਆਨਲਾਈਨ ਕਲਾਸਾਂ ਦੇ ਗਰੁੱਪ ਤੋਂ ਰਿਮੂਵ ਕਰ ਦਿੱਤਾ ਗਿਆ। ਬੱਚੀ ਦੇ ਪਿਤਾ ਅਨੁਸਾਰ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਸ਼ਿਕਾਇਤ ਨੂੰ ਵਿਚਾਰਿਆ, ਪਰ ਅਜੇ ਤੱਕ ਸਕੂਲ ‘ਤੇ ਕੋਈ ਕਾਰਵਾਈ ਨਹੀਂ ਹੋਈ।
ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਸਕੂਲ ਨਾਲ ਸਬੰਧਿਤ ਹੈ। ਸ਼ਹਿਰ ਵਾਸੀ ਜਿੰਮ ਸੰਚਾਲਕ ਅਮਰਿੰਦਰ ਸਿੰਘ ਤਾਰਾ ਅਨੁਸਾਰ ਉਸਦੀ ਬੱਚੀ ਪੰਜਵੀਂ ਸ਼੍ਰੇਣੀ ਵਿੱਚ ਸੰਤ ਬਾਬਾ ਗੁਰਮੁਖ ਸਿੰਘ ਸਕੂਲ ਵਿੱਚ ਪੜ੍ਹਦੀ ਹੈ। 2 ਮਾਰਚ ਨੂੰ ਉਸਨੇ 7 ਹਜ਼ਾਰ ਰੁਪਏ ਸਕੂਲ ਫੀਸ ਭਰੀ ਅਤੇ ਇਸ ਉਪਰੰਤ ਲਾਕ ਡਾਊਨ ਹੋ ਗਿਆ। ਸਕੂਲ ਨੇ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਅਤੇ ਪਿਛਲੇ ਮਹੀਨੇ ਜਦ ਉਹ ਟੈਸਟਾਂ ਦੀਆਂ ਕਾਪੀਆਂ ਲੈਣ ਸਕੂਲ ਗਿਆ ਤਾਂ ਸਕੂਲ ਪ੍ਰਬੰਧਕਾਂ ਨੇ ਫੀਸ ਭਰਨ ਲਈ ਕਿਹਾ ਉਸਨੇ ਦੱਸਿਆ ਕਿ ਜਿੰਮ ਬੰਦ ਹਨ ਅਤੇ ਜਿੰਮ ਖੁੱਲ੍ਹਣ ‘ਤੇ ਕਾਰੋਬਾਰ ਚੱਲਣ ਉਪਰੰਤ ਉਹ ਫੀਸ ਭਰ ਦੇਵੇਗਾ, ਪਰ ਕੁੱਝ ਦਿਨਾਂ ਬਾਅਦ ਉਸਦੀ ਲੜਕੀ ਨੂੰ ਆਨਲਾਈਨ ਪੜ੍ਹਾਈ ਦੇ ਵਟਸਐਪ ਗਰੁੱਪ ਵਿੱਚੋਂ ਰਿਮੂਵ ਕਰ ਦਿੱਤਾ ਗਿਆ।
ਪੜ੍ਹਾਈ ਲਈ ਬਣਾਏ ਪੋਰਟਲ ‘ਚੋਂ ਵੀ ਉਨ੍ਹਾਂ ਦਾ ਨੰਬਰ ਡਿਲੀਟ ਕਰ ਦਿੱਤਾ ਗਿਆ। ਇਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ। ਅਮਰਿੰਦਰ ਸਿੰਘ ਤਾਰਾ ਅਨੁਸਾਰ ਉਸਨੂੰ ਇਸ ਗੱਲ ‘ਤੇ ਤਾਂ ਖੁਸ਼ੀ ਹੋਈ ਕਿ ਉਸਦੀ ਸ਼ਿਕਾਇਤ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋਗਰਾਮ ਦੌਰਾਨ ਪੜ੍ਹੀ, ਪਰ ਇਸ ਗੱਲ ‘ਤੇ ਉਸਨੂੰ ਹੈਰਾਨਗੀ ਹੋਈ, ਜਦ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਨੇ ਰਿਪੋਰਟ ਭੇਜੀ ਹੈ।
ਤਾਰਾ ਅਨੁਸਾਰ ਉਸਨੂੰ ਪਹਿਲਾਂ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਫਿਰ ਵਧੀਕ ਡਿਪਟੀ ਕਮਿਸ਼ਨਰ ਨੇ ਸ਼ਿਕਾਇਤ ਸਬੰਧੀ ਬੁਲਾਇਆ ਸੀ ਅਤੇ ਉਸਨੇ ਦੋਵੇਂ ਥਾਵਾਂ ‘ਤੇ ਇੱਕ ਗੱਲ ਕਹੀ ਹੈ ਕਿ ਉਹ ਹੁਣ ਆਪਣੀ ਬੱਚੀ ਨੂੰ ਇਸ ਸਕੂਲ ਤਾਂ ਨਹੀਂ ਲਾਏਗਾ। ਸਕੂਲ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਵੱਖ-ਵੱਖ ਡਾਕਟਰਾਂ ਦੀਆਂ ਰਿਪੋਰਟਾਂ ਦਿਖਾਉਂਦੇ ਤਾਰਾ ਸਿੰਘ ਨੇ ਦੱਸਿਆ ਕਿ ਉਸਦੀ ਬੱਚੀ ਡਿਪਰੈਸ਼ਨ ‘ਚ ਚਲੀ ਗਈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਤਾਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਕੂਲ ਵਿਰੁੱਧ ਬਣਦੀ ਕਾਰਵਾਈ ਕਰਨ ਤਾਂ ਜੋ ਹੋਰ ਵਿਦਿਆਰਥੀਆਂ ਨਾਲ ਅਜਿਹਾ ਨਾ ਹੋਵੇ। ਉਸਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਇਹ ਮੰਗ ਕੀਤੀ ਹੈ।