ਅਬੋਹਰ, ਫਾਜ਼ਿਲਕਾ, 12 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਅਬੋਹਰ, ਜਿਸ ਨੂੰ ਹਾਲ ਹੀ ਵਿੱਚ ਦੇਸ਼ ਦੇ ਤੀਜੇ ਸਭ ਤੋਂ ਗੰਦਗੀ ਵਾਲੇ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ, ਵਿੱਚ ਸਾਫ਼-ਸਫ਼ਾਈ ਦੇ ਪੱਧਰ ਵਿੱਚ ਸੁਧਾਰ ਲਈ ਉਨਾਂ ਦੀ ਸਰਕਾਰ ਵੱਲੋਂ ਚੁੱਕੇ ਜਾ ਰਹੇ ਲੜੀਵਾਰ ਕਦਮਾਂ ਬਾਰੇ ਜਾਣਕਾਰੀ ਦਿੱਤੀ।
ਕੈਪਟਨ ਨੂੰ ਸਵਾਲ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਸਥਿਤੀ ਵਿੱਚ ਸੁਧਾਰ ਲਈ ਸਰਬਪੱਖੀ ਯਤਨਾਂ ਦੇ ਹਿੱਸੇ ਵਜੋਂ 10 ਨਵੇਂ ਕਮਿਉਨਿਟੀ ਟਾਇਲਟ ਬਲਾਕਾਂ ਅਤੇ 7 ਨਵੀਆਂ ਠੋਸ ਕੂੜਾ-ਕਰਕਟ ਪ੍ਰਬੰਧਨ ਸਾਈਟਾਂ ਜਿਨਾਂ ਨੂੰ ਮਟੀਰੀਅਲ ਰਿਕਵਰੀ ਸਹੂਲਤਾਂ (ਐਮ.ਆਰ.ਐਫਜ਼) ਕਿਹਾ ਜਾਂਦਾ ਹੈ, ਦੀ ਉਸਾਰੀ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਵੱਛਤਾ ਅਤੇ ਸਾਫ਼-ਸਫ਼ਾਈ ਲਈ ਇੱਕ ‘ਚੋਖੋ ਅਬੋਹਰ’ ਨਾਮੀ ਪ੍ਰਾਜੈਕਟ ਨੂੰ ਰਾਜ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਉਨਾਂ ਅੱਗੇ ਕਿਹਾ ਕਿ ਇਸ ਲਈ ਫੰਡ ਭੇਜ ਦਿੱਤੇ ਗਏ ਹਨ ਅਤੇ ਟੈਂਡਰ ਮੰਗੇ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਲਈ 70 ਰਿਕਸ਼ਾ ਅਤੇ 25 ਆਟੋ-ਰਿਕਸ਼ਾ ਜਾਂ ਛੋਟੇ ਟਿੱਪਰਾਂ ਦੀ ਖਰੀਦ ਕੀਤੀ ਜਾ ਰਹੀ ਹੈ। ਕੂੜੇ ਕਰਕਟ ਨੂੰ ਕੰਪੋਸਟ ਵਿੱਚ ਬਦਲਣ ਲਈ ਕੰਪੋਸਟ ਪਿੱਟ ਬਣਾਏ ਜਾ ਰਹੇ ਹਨ। ਉਨਾਂ ਅੱਗੇ ਕਿਹਾ ਕਿਉਂਜੋ ਸੀਵਰੇਜ ਦਾ ਓਵਰਫਲੋਅ ਗਲੀਆਂ ਵਿੱਚ ਗੰਦਗੀ ਦਾ ਇੱਕ ਵੱਡਾ ਕਾਰਨ ਬਣਦਾ ਹੈ, ਇਸ ਲਈ ਇੰਚਾਰਜ ਠੇਕੇਦਾਰ ਨੂੰ ਹਟਾ ਕੇ ਨਿਗਮ ਨੇ ਉਕਤ ਕਾਰਜਾਂ ਨੂੰ ਸੰਭਾਲ ਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਚਾਰ ਗਰੈਬ ਬਕਿਟ ਮਸ਼ੀਨਾਂ ਦੀ ਖਰੀਦ ਕੀਤੀ ਜਾ ਰਹੀ ਹੈ, ਜਦੋਂ ਕਿ ਇਕ ਜੈੱਟਿੰਗ ਮਸ਼ੀਨ ਪਹਿਲਾਂ ਹੀ ਖਰੀਦੀ ਲਈ ਗਈ ਹੈ ਅਤੇ ਸੁਪਰ ਸੱਕਸ਼ਨ ਦੁਆਰਾ ਕੰਮ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ। ਉਨਾਂ ਇਹ ਗੱਲ ਯੋਗੇਸ ਮੋਂਗਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਆਖੀ।
ਇਕ ਹੋਰ ਦੀਪ ਕੰਬੋਜ ਦੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਫਾਜ਼ਿਲਕਾ ਜ਼ਿਲੇ ਵਿਚ ਮੀਂਹਾਂ ਨਾਲ ਹੋਏ ਨੁਕਸਾਨ ਦੇ ਜਾਇਜੇ ਲਈ ਜਲ ਸ਼ੋ੍ਰਤ ਮੰਤਰੀ ਸ: ਸੁਖਬਿੰਦਰ ਸਿੰਘ ਸਰਕਾਰੀਆ, ਮਾਲ ਮੰਤਰੀ ਸ: ਗੁਰਪ੍ਰੀਤ ਸਿੰਘ ਕਾਂਗੜ ਅਤੇ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਇਲਾਕੇ ਦਾ ਦੌਰਾ ਕਰਕੇ ਰਿਪੋਰਟ ਦਿੱਤੀ ਹੈ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਫਸਲਾਂ ਦੇ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇਗਾ।