ਸਰੀ , (ਕੈਨੇਡਾ)10 ਸਤੰਬਰ , 2020 : ਫਰੈਂਡਜ਼ ਆਫ਼ ਇੰਡੀਆ, ਕੈਨੇਡਾ ਦੇ ਮੋਹਰੀ ਮਨਿੰਦਰ ਸਿੰਘ ਗਿੱਲ ਨੇ ਲੁਧਿਆਣੇ ਦੇ ਮੁੱਠੀ ਭਰ ਸ਼ਿਵ ਸੈਨਿਕਾਂ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਪਿੰਡ ਪੁੱਜ ਕੇ ਪੁੱਜੇ ਦੇ ਕੀਤੇ ਯਤਨ ਦੀ ਸਖ਼ਤ ਨਿੰਦਾ ਕੀਤੀ ਹੈ.
ਉਨ੍ਹਾਂ ਕਿਹਾ ਕਿ ਸ਼ਿਵ ਸੈਨਿਕਾਂ ਦੀ ਦੂਜੇ ਜ਼ਿਲ੍ਹੇ ‘ਚ ਕੀਤੀ ਇਹ ਕਾਰਵਾਈ ਸਰਾਸਰ ਭੜਕਾਊ ਹੈ ਅਤੇ ਪੰਜਾਬੀ ਭਾਈਚਾਰੇ ‘ਚ ਫ਼ਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਸੀ .
ਮਨਿੰਦਰ ਗਿੱਲ ਨੇ ਜਾਰੀ ਕੀਤੇ ਇੱਕ ਬਿਆਨ ਵਿਚ ਕਿਹਾ ਕਿ ਪਿੰਡ ਭਾਗ ਸਿੰਘਪੁਰਾ ਜਾਂ ਕੇ ਫ਼ਿਰਕੂ ਤਣਾਅ ਪੈਦਾ ਕਰਨ ਦੀ ਸਾਜ਼ਿਸ਼ ਇਸ ਗੱਲ ਤੋਂ ਨੰਗੀ ਹੋ ਜਾਂਦੀ ਹੈ ਕਿ ਉਹ ਚੰਦ ਕੁ ਮੀਡੀਆ ਕਰਮੀਆਂ ਨੂੰ ਵੀ ਲੁਧਿਆਣੇ ਤੋਂ ਨਾਲ ਲੈ ਕੇ ਗਏ ਸਨ . ਗਿੱਲ ਨੇ ਪਿੰਡ ਵਾਸੀਆਂ ਦੇ ਸੰਜਮ ਅਤੇ ਫਿਲੌਰ ਦੇ ਉਨ੍ਹਾਂ ਪੁਲਿਸ ਅਧਿਕਾਰੀਆਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਤੁਰੰਤ ਮੌਕੇ ਪੁੱਜ ਕੇ ਸ਼ਿਵ ਸੈਨਿਕਾਂ ਦੀ ਹੁੱਲੜਬਾਜ਼ੀ ਦੀ ਕੋਸ਼ਿਸ਼ ਨੂੰ ਰੋਕਿਆ . ਗਿੱਲ ਨੇ ਕਿਹਾ ਕਿ ਉਹ ਖ਼ਾਲਿਸਤਾਨ ਜਾਂ ਖ਼ਾਲਿਸਤਾਨ ਲਹਿਰ ਦੇ ਹਾਮੀ ਨਹੀਂ ਹਨ ਪਰ ਹਰ ਉਸ ਕਾਰਵਾਈ ਦੇ ਖ਼ਿਲਾਫ਼ ਹਨ ਜੋ ਪੰਜਾਬੀ ਅਤੇ ਭਾਰਤੀ ਭਾਈਚਾਰੇ ਵਿੱਚ ਫ਼ਿਰਕੂ ਤਣਾਅ ਪੈਦਾ ਕਰਦੀ ਹੋਵੇ .
ਇਸ ਘਟਨਾ ਦੀ ਵਾਇਰਲ ਵੀਡੀਓ ਇਹ ਜ਼ਹਿਰ ਕਰਦੀ ਹੈ ਕਿ ਸ਼ਿਵ ਸੈਨਿਕਾਂ ਦਾ ਇਹ ਗਰੁੱਪ ਪੰਜਾਬ ਪੁਲਿਸ ਨੂੰ ਲੋੜੀਂਦੇ ਕੈਨੇਡੀਅਨ ਗੁਰਦਵਾਰਾ ਪ੍ਰਧਾਨ ਹਰਦੀਪ ਨਿੱਝਰ ਦੇ ਉਸ ਘਰ ਵੱਲ ਵਧ ਰਿਹਾ ਸੀ ਜਿਸ ਨੂੰ ਜ਼ਬਤ ਕਰਨ ਦੀ ਕਾਰਵਾਈ ਐਨ ਆਈ ਏ ਨੇ ਸ਼ੁਰੂ ਕੀਤੀ ਹੈ . ਵੀਡੀਓ ਵਿਚ ਸ਼ਿਵ ਸੈਨਿਕ ਨੇਤਾ ਇਹ ਐਲਾਨ ਕਰਦਾ ਵੀ ਸੁਣਾਈ ਦੇ ਰਿਹਾ ਕਿ ਜੋ ਕੋਈ ਗੁਰਪਤਵੰਤ ਪੰਨੂ ਦਾ ਸਿਰ ਵੱਢ ਕੇ ਲਿਆਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ। ਚੰਗੀ ਗੱਲ ਸੀ ਕਿ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸਖ਼ਤੀ ਨਾਲ ਸ਼ਿਵ ਸੈਨਿਕਾਂ ਨੂੰ ਰੋਕਿਆ ਅਤੇ ਹਿਰਾਸਤ ਵਿਚ ਲੈ ਕੇ ਫ਼ਿਰਕੂ ਫ਼ਸਾਦ ਹੋਣ ਤੋਂ ਬਚਾ ਲਿਆ .