ਅੰਮ੍ਰਿਤਸਰ, 9 ਸਤੰਬਰ -ਦਲ ਖ਼ਾਲਸਾ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਜਾਂ ਕਰਵਾਉਣ ਵਾਲੇ ਵਿਅਕਤੀ ਨੂੰ ਬਹਾਦਰੀ ਐਵਾਰਡ ਅਤੇ ਇਕ ਸੋਨੇ ਦਾ ਤਗਮਾ ਦੇਣ ਦਾ ਐਲਾਨ ਕੀਤਾ ਹੈ| ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਸੰਧੂ, ਅਕਾਲ ਫੈਡਰੇਸ਼ਨ ਦੇ ਜਰਨਲ ਸਕੱਤਰ ਨਰਾਇਣ ਸਿੰਘ ਜੌੜਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਡੀ.ਜੀ.ਪੀ. ਸੁਮੇਧ ਸੈਣੀ ਪੰਜਾਬ ਦੇ ਲੋਕਾਂ ਅਤੇ ਕਾਨੂੰਨ ਦਾ ਭਗੌੜਾ ਹੈ| ਇਸ ਦੇ ਲਈ ਸੰਗਠਨ ਨੇ ਬਕਾਇਦਾ ਇੱਕ ਪੋਸਟਰ ਵੀ ਜਾਰੀ ਕੀਤਾ ਹੈ, ਜੋ ਪੂਰੇ ਪੰਜਾਬ ਸਮੇਤ ਦਿੱਲੀ ਵਿੱਚ ਲਗਾਏ ਜਾਣਗੇ| ਉਨ੍ਹਾਂ ਕਿਹਾ ਕਿ ਜਿਸ ਨੇ ਵੀ ਸੈਣੀ ਨੂੰ ਪਨਾਹ ਦਿੱਤੀ ਹੈ ਉਹ ਵੀ ਬਰਾਬਰ ਦਾ ਦੋਸ਼ੀ ਹੈ ਤੇ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ| ਉਨ੍ਹਾਂ ਨੇ ਖ਼ਦਸ਼ਾ ਜਤਾਇਆ ਜੇਕਰ ਸੈਣੀ ਗ੍ਰਿਫ਼ਤਾਰ ਹੋਏ ਤਾਂ ਉਹ ਜੇਲ੍ਹ ਜਾਣ ਦੀ ਵਜਾਏ ਹਸਪਤਾਲ ਹੀ ਜਾਵੇਗਾ| ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਸਰਕਾਰ ਇਸ ਨੂੰ ਗ੍ਰਿਫ਼ਤਾਰ ਕਰੇ ਨਹੀਂ ਤਾਂ ਅਸੀਂ ਸੜਕਾਂ ਤੇ ਆਵਾਂਗੇ|
ਜਿਕਰਯੋਗ ਹੈ ਕਿ ਬੀਤੀ 6 ਮਈ ਨੂੰ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ, ਯੂਟੀ ਪੁਲੀਸ ਦੇ ਸੇਵਾਮੁਕਤ ਐਸ. ਪੀ. ਬਲਦੇਵ ਸਿੰਘ, ਮਰਹੂਮ ਡੀ. ਐਸ. ਪੀ. ਸਤਬੀਰ ਸਿੰਘ, ਸੇਵਾ ਮੁਕਤ ਇੰਸਪੈਕਟਰ ਹਰਸਹਾਏ, ਅਨੋਖ ਸਿੰਘ, ਜਗੀਰ ਸਿੰਘ ਅਤੇ ਹੋਰਨਾਂ ਖ਼ਿਲਾਫ਼ ਮਟੌਰ ਥਾਣੇ ਵਿੱਚ ਅਗਵਾ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ| ਉਸ ਸਮੇਂ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਦੇ ਐਸ.ਐਸ.ਪੀ. ਸਨ|