ਫਾਜ਼ਿਲਕਾ, 5 ਸਤੰਬਰ-ਫਾਜ਼ਿਲਕਾ ਜ਼ਿਲੇ ਵਿਚ 7 ਸਰਕਾਰੀ ਹਸਪਤਾਲਾਂ ਵਿਚ ਵਾਕ ਇਨ ਟੈਸਟ ਦੀ ਸਹੁਲਤ ਪੰਜਾਬ ਸਰਕਾਰ ਵੱਲੋਂ ਮੁਹਈਆ ਕਰਵਾਈ ਗਈ ਹੈ ਅਤੇ ਕੋਈ ਵੀ ਸਖ਼ਸ ਜਿਸ ਨੂੰ ਕੋਵਿਡ ਦੇ ਲੱਛਣ ਵਿਖਾਈ ਦਿੰਦੇ ਹੋਣ ਜਾਂ ਜੋ ਕਿਸੇ ਕੋਵਿਡ ਪਾਜਿਟਿਵ ਕੇਸ ਦੇ ਸੰਪਰਕ ਵਿਚ ਆਇਆ ਹੋਵੇ ਇੱਥੇ ਆ ਕੇ ਆਪਣਾ ਟੈਸਟ ਬਿਲਕੁੱਲ ਮੁਫ਼ਤ ਕਰਵਾ ਸਕਦਾ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਟੈਸਟ ਕਰਵਾਉਣ ਲਈ ਕਿਸੇ ਡਾਕਟਰ ਦੀ ਪਰਚੀ ਦੀ ਵੀ ਜਰੂਰਤ ਨਹੀਂ ਹੈ। ਇਸ ਲਈ ਟੈਸਟ ਦੀ ਸਹੁਲਤ ਫਾਜ਼ਿਲਕਾ, ਅਬੋਹਰ, ਜਲਾਲਾਬਾਦ, ਖੂਈਖੇੜਾ, ਸੀਤੋ, ਜੰਡਵਾਲਾ ਭੀਮੇਸ਼ਾਹ ਅਤੇ ਡੱੱਬਾਵਾਲਾ ਕਲਾਂ ਦੇ ਹਸਤਪਾਲਾਂ ਵਿਚ ਉਪਲਬੱਧ ਕਰਵਾਈ ਗਈ ਹੈ। ਉਨਾਂ ਨੇ ਕਿਹਾ ਕਿ ਜੇਕਰ ਵਿਅਕਤੀ ਪਾਜਿਟਿਵ ਆ ਜਾਂਦਾ ਹੈ ਅਤੇ ਜੇਕਰ ਉਸਨੂੰ ਕੋਈ ਖਾਸ ਲੱਛਣ ਨਾ ਹੋਣ ਤਾਂ ਉਹ ਆਪਣੇ ਘਰ ਵਿਚ ਹੀ ਇਕਾਂਤਵਾਸ ਹੋ ਸਕਦਾ ਹੈ।
ਸ: ਅਰਵਿੰਦਪਾਲ ਸਿੰਘ ਸੰਧੂ ਨੇ ਇਹ ਵੀ ਦੱਸਿਆ ਕਿ ਹੁਣ ਪੰਜਾਬ ਵਿਚ ਘਰੇਲੂ ਏਕਾਂਤਵਾਸ ’ਚ ਰਹਿ ਰਹੇ ਕੋਵਿਡ ਦੇ ਮਰੀਜ਼ਾਂ ਨੂੰ ਹੁਣ ਸਮਾਜਿਕ ਵਿਤਕਰੇ ਤੋਂ ਡਰਨ ਦੀ ਲੋੜ ਨਹੀਂ ਰਹੇਗੀ ਜੋ ਕਿ ਉਨਾਂ ਦੇ ਘਰਾਂ ਦੇ ਬਾਹਰ ਪੋਸਟਰ ਚਿਪਕਾ ਕੀਤੇ ਜਾਣ ਕਾਰਨ ਉਨਾਂ ਨਾਲ ਵਾਪਰਦਾ ਹੈ। ਉਨਾਂ ਨੇ ਦੱਸਿਆ ਕਿ ਇਸ ਮਹਾਂਮਾਰੀ ਨਾਲ ਜੁੜੇ ਵਿਤਕਰੇ ਨੂੰ ਘਟਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਉਨਾਂ ਦੀ ਸਰਕਾਰ ਦੇ ਪਹਿਲਾਂ ਵਾਲੇ ਉਸ ਫੈਸਲੇ ਨੂੰ ਵਾਪਸ ਲੈ ਲਿਆ ਜਿਸ ਤਹਿਤ ਘਰੇਲੂ ਏਕਾਂਤਵਾਸ ਜਾਂ ਕੁਆਰੰਟੀਨ ਵਿੱਚ ਰਹਿ ਰਹੇ ਕੋਵਿਡ ਦੇ ਮਰੀਜ਼ਾਂ ਦੇ ਘਰਾਂ ਦੇ ਬਾਹਰ ਪੋਸਟਰ ਚਿਪਕਾ ਕੀਤੇ ਜਾਂਦੇ ਹਨ। ਉਨਾਂ ਇਹ ਵੀ ਨਿਰਦੇਸ਼ ਦਿੱਤੇ ਕਿ ਪਹਿਲਾਂ ਲਾਏ ਗਏ ਪੋਸਟਰ ਹਟਾ ਲਏ ਜਾਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਦਮ ਚੁੱਕੇ ਜਾਣ ਦਾ ਮਕਸਦ ਅਜਿਹੇ ਮਰੀਜ਼ਾਂ ਦੇ ਘਰਾਂ ਦੇ ਬੂਹਿਆਂ ’ਤੇ ਲਾਏ ਜਾਂਦੇ ਪੋਸਟਰਾਂ ਤੋਂ ਪੈਦਾ ਹੋਣ ਵਾਲੇ ਵਿਤਕਰੇ ਨੂੰ ਘਟਾਉਣਾ ਹੈ ਅਤੇ ਇਸ ਤੋਂ ਇਲਾਵਾ ਜਾਂਚ ਕਰਵਾਏ ਜਾਣ ਦੇ ਡਰ ਨੂੰ ਵੀ ਦੂਰ ਕਰਨਾ ਹੈ। ਉਨਾਂ ਨੇ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਵਿਡ ਦੇ ਇਲਾਜ ਲਈ ਛੇਤੀ ਆਪਣੀ ਜਾਂਚ ਕਰਵਾਉਣ ਤਾਂ ਜੋ ਇਸ ਬਿਮਾਰੀ ਦਾ ਪਹਿਲਾਂ ਹੀ ਪਤਾ ਚੱਲ ਸਕੇ ਅਤੇ ਸਹੀ ਤਰਾਂ ਇਲਾਜ ਹੋ ਸਕੇ।
ਓਧਰ ਸਿਵਲ ਸਰਜਨ ਡਾ: ਭੁਪਿੰਦਰ ਕੌਰ ਨੇ ਦੱਸਿਆ ਕਿ ਬੀਤੇ 24 ਘੰਟਿਆਂ ਵਿਚ ਜ਼ਿਲੇ ਵਿਚ ਕੋਵਿਡ ਦੇ 36 ਨਵੇਂ ਮਾਮਲੇ ਸਾਹਮਣੇ ਆਏ ਹਨ ਜਿੰਨਾਂ ਵਿਚੋਂ 5 ਦੂਜੇ ਜ਼ਿਲਿਆਂ ਜਾਂ ਦੂਜੇ ਰਾਜਾਂ ਨਾਲ ਸਬੰਧਤ ਹਨ। ਇਸ ਸਮੇਂ ਤੱਕ ਜ਼ਿਲੇ ਵਿਚ ਕੁੱਲ 1137 ਪਾਜਿਟਿਵ ਮਾਮਲੇ ਆਏ ਹਨ ਜਿੰਨਾਂ ਵਿਚੋਂ 60 ਦੂਜੇ ਜ਼ਿਲਿਆਂ ਨਾਲ ਸਬੰਧਤ ਮਾਮਲੇ ਮਨਫੀ ਕਰ ਦਿੱਤੇ ਜਾਣ ਤਾਂ ਜ਼ਿਲੇ ਦੇ ਆਪਣੇ ਕੁੱਲ ਪਾਜਿਟਿਵ ਕੇਸਾਂ ਦੀ ਗਿਣਤੀ 1077 ਬਣਦੀ ਹੈ। ਇੰਨਾਂ ਵਿਚੋਂ 638 ਲੋਕ ਠੀਕ ਹੋ ਚੁੱਕੇ ਹਨ ਅਤੇ 421 ਐਕਟਿਵ ਕੇਸ ਹਨ ਜਦ ਕਿ 18 ਮੌਤਾਂ ਹੁਣ ਤੱਕ ਜ਼ਿਲੇ ਵਿਚ ਹੋਈਆਂ ਹਨ।